ਪੰਨਾ:ਦਸ ਦੁਆਰ.pdf/101

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਮਝਾਣ ਬੁਝਾਣ ਲਗੀਆਂ ਪਰ ਰਾਜ-ਕੁਮਾਰੀਆਂ ਉਸਨੂੰ ਆਪਣੇ ਮਨੋਰਥ ਤੋਂ ਰੋਕ ਨਾ ਸਕੀਆਂ। ਜਿਉਂ ਜਿਉਂ ਰਾਜਵਤੀ ਉਸ ਨੂੰ ਵਰਜਣ ਲਈ ਤਰਲੇ ਲੈਂਦੀ, ਤਿਉਂ ਤਿਉਂ ਉਸ ਨੌਜਵਾਨ ਨੂੰ ਘੋਲ ਦਾ ਵਧੀਕ ਚਾਉ ਚੜ੍ਹਦਾ। ਰਾਜਵਤੀ ਦਾ ਮਤਲਬ ਤਾਂ ਉਸ ਨੂੰ ਵਰਜਣ ਦਾ ਸੀ ਪਰ ਇਸ ਸੁੰਦਰੀ ਨਾਲ ਗਲ ਬਾਤ ਨੇ ਉਸ ਦੇ ਮਨ ਤੇ ਕੁਝ ਹੋਰ ਹੀ ਅਸਰ ਕੀਤਾ। ਅਖਾੜਾ ਜਿੱਤ ਕੇ ਉਸ ਦੇ ਕੋਲੋਂ ਸ਼ਾਬਾਸ਼ ਲੈਣ ਦੇ ਖ਼ਿਆਲ ਨੇ ਉਸ ਦੇ ਅੰਦਰ ਇਕ ਹੋਰ ਹੀ ਤਾਕਤ ਭਰ ਦਿਤੀ।

ਨੌਜਵਾਨ ਨੇ ਵਡੀ ਅਧੀਨਗੀ ਨਾਲ ਆਖਿਆ, “ਮੈਨੂੰ ਘੜੀ ਮੁੜੀ ਆਖ ਕੇ ਸ਼ਰਮਿੰਦਾ ਨਾ ਕਰੋ। ਜੇ ਜਾਨ ਮੰਗੋ ਤਾਂ ਹਾਜ਼ਰ ਹੈ, ਪਰ ਸ਼ੋਕ ਹੈ ਜੋ ਮੈਂ ਤੁਹਾਡਾ ਇਹ ਹੁਕਮ ਨਹੀਂ ਮੰਨ ਸਕਦਾ। ਮੇਰਾ ਤੁਸੀਂ ਕੋਈ ਫ਼ਿਕਰ ਨਾ ਕਰੋ ਮੈਂ ਹਾਰ ਗਿਆ ਤਾਂ ਕੋਈ ਸ਼ਰਮ ਨਹੀਂ, ਮੈਨੂੰ ਅਗੇ ਕੌਣ ਜਾਣਦਾ ਹੈ ? ਜੇ ਮੈਂ ਮਾਰਿਆ ਗਿਆ ਤਾਂ ਕੋਈ ਡਰ ਨਹੀਂ, ਮੈਂ ਅਗੇ ਹੀ ਮਰਨ ਨੂੰ ਤਿਆਰ ਹਾਂ। ਮੇਰੀ ਮੌਤ ਦਾ ਕਿਸ ਨੂੰ ਸ਼ੋਕ ਹੋਣਾ ਹੈ ? ਮੇਰਾ ਮਿੱਤਰ ਕੋਈ ਨਹੀਂ। ਉਸ ਸੰਸਾਰ ਨੂੰ ਮੇਰੇ ਚਲੇ ਜਾਣ ਤੇ ਕੀ ਸ਼ੋਕ ਹੋ ਸਕਦਾ ਹੈ ਜਿਸ ਵਿਚ ਮੇਰਾ ਕੋਈ ਭੀ ਨਹੀਂ।

“ਜਗਤ ਤੇ ਕੌਣ ਹੈ ਮੇਰੇ ਜਹੇ ਝੱਲੇ ਦਿਵਾਨੇ ਦਾ,

ਨਾ ਦੁਨੀਆਂ ਦੀ ਹਿਰਸ ਬਾਕੀ ਨਾ ਟੰਟਾ ਆਸ਼ੀਆਨੇ ਦਾ।

ਨਾ ਕੋਈ ਰੋਣ ਵਾਲਾ ਹੈ ਨਾ ਮੈਂ ਰੋਣਾ ਕਿਸੇ ਨੂੰ ਹੈ,

ਰਵ੍ਹਾਂ ਕਿਉਂ ਏਸ ਦੁਨੀਆਂ ਤੇ ਮੈਂ ਬਦ-ਕਿਸਮਤ ਜ਼ਮਾਨੇ ਦਾ।"

ਇਹ ਦਰਦ ਭਰਿਆ ਗੀਤ ਸੁਣ ਕੇ ਰਾਜਵਤੀ ਦੀਆਂ ਅੱਖੀਆਂ ਵਿਚ ਅੱਥਰੂ ਭਰ ਆਏ, ਪਰ ਉਸ ਨੇ ਦਿਲ ਪਕਾ ਕਰ ਕੇ ਆਖਿਆ, ਮੈਂ ਅਬਲਾ ਕੁੜੀ ਹਾਂ, ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ, ਪਰ ਮੇਰੀ ਰੱਬ ਅਗੇ ਪ੍ਰਾਰਥਨਾ ਹੈ ਜੋ ਇਹ

-੯੭-