ਪੰਨਾ:ਦਸ ਦੁਆਰ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਸੰਤ ਮਿਲ ਪਿਆ। ਜਦੋਂ ਰਾਜੇ ਨੇ ਉਸ ਤੋਂ ਅਸੀਸ ਮੰਗੀ ਤਾਂ ਉਸ ਮਹਾਤਮਾਂ ਨੇ ਉਸ ਨੂੰ ਇਸ ਕੁਕਰਮ ਤੋਂ ਵਰਜਿਆ ਤੇ ਪਿਛਲੇ ਕੀਤੇ ਹੋਏ ਪਾਪਾਂ ਤੋਂ ਪਸਚਾਤਾਪ ਕਰਨ ਲਈ ਪ੍ਰੇਰਨਾ ਕੀਤੀ। ਰੱਬ ਦੀ ਕੁਦਰਤ ਉਸ ਦੇ ਉਪਦੇਸ਼ ਨੇ ਪ੍ਰਧਾਨ ਰਾਏ ਦੇ ਦਿਲ ਦੀ ਤਾਰ ਨੂੰ ਹਿਲਾ ਦਿਤਾ ਤੇ ਅੱਗੇ ਵਧਣ ਦੀ ਥਾਂ ਉਥੇ ਹੀ ਪਸਚਾਤਾਪ ਕਰਨ ਲਗ ਪਿਆ ਤੇ ਉਸੇ ਸਾਈਂ ਲੋਕ ਦੇ ਕੋਲ ਟਿਕ ਪਿਆ। ਹੁਣ ਉਹ ਆਪਣੀ ਬਾਕੀ ਆਯੂ ਭਜਨ ਬੰਦਗੀ ਵਿਚ ਬਤੀਤ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਭਰਾ ਨੂੰ ਸੁਨੇਹਾ ਘੱਲਿਆ ਹੋ ਜੋ ਮੁੜ ਆਪਣਾ ਰਾਜ ਭਾਗ ਆ ਕੇ ਸੰਭਾਲੇ। ਇਸ ਖ਼ੁਸ਼ਖ਼ਬਰੀ ਨੇ ਵਿਵਾਹ ਦੀ ਖ਼ੁਸ਼ੀ ਨੂੰ ਚੌਂਂਣਾ ਕਰ ਦਿਤਾ ਤੇ ਰਾਜੇ ਨੂੰ ਹਰ ਪਾਸਿਉਂ ਵਧਾਈਆਂ ਮਿਲਣ ਲੱਗ ਪਈਆਂ।

ਰਾਜੇ ਨੇ ਰਾਜਧਾਨੀ ਵਲ ਕੂਚ ਕੀਤਾ, ਜਿਥੇ ਪੁਜ ਕੇ ਉਸ ਨੇ ਆਪਣੇ ਸਾਥੀ ਮਿੱਤਰਾਂ ਨੂੰ ਉਨ੍ਹਾਂ ਦੀ ਨਿਮਕ ਹਲਾਲੀ ਤੇ ਨਿਸ਼ਕਾਮ ਸੇਵਾ ਦੇ ਬਦਲੇ ਇਨਾਮ ਵੰਡੇ ਤੇ ਹੁਦੇ ਵਧਾਏ।

ਸ਼ੀਲਾ ਤੇ ਰਾਜਵਤੀ ਅਗੇ ਵਾਂਗੂ ਕੱਠੀਆਂ ਰਹਿਣ ਲੱਗੀਆਂ ਤੇ ਇਕ ਦੂਜੇ ਨੂੰ ਉਸੇ ਪ੍ਰਕਾਰ ਪਿਆਰ ਕਰਦੀਆਂ ਰਹੀਆਂ। ਭਾਵੇਂ ਸ਼ੀਲਾ ਹੁਣ ਸਿੰਘਾਸਣ ਬੈਠ ਰਾਜੇ ਦੀ ਧੀ ਨਹੀਂ ਸੀ, ਪਰ ਉਸ ਦਾ ਪਿਆਰਾ ਅਵਤਾਰ ਉਸ ਦੇ ਕੋਲ ਸੀ ਤੇ ਉਹ ਉਸ ਤੋਂ ਵਧੀਕ ਕੁਝ ਹੋਰ ਮੰਗਦੀ ਵੀ ਨਹੀਂ ਸੀ। ਇਸ ਲਈ ਪਿਤਾ ਦੇ ਰਾਜ ਦੇ ਚਲੇ ਜਾਣ ਦਾ ਉਸ ਨੂੰ ਰਾਈ ਭਰ ਵੀ ਸ਼ੋਕ ਨਾ ਹੋਇਆ, ਸਗੋਂ ਉਹ ਪ੍ਰਸੰਨ ਸੀ ਜੋ ਹੱਕਦਾਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਗਿਆ।


-੧੧੫-