ਪੰਨਾ:ਦਸ ਦੁਆਰ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ ਤੇ ਇਨ੍ਹਾਂ ਦੀਆਂ ਲੱਤਾਂ ਨੂੰ ਕੁੱਤੇ ਭੌਂਂਕ ਭੌਂਕ ਕੇ ਪੈ ਰਹੇ ਸਨ ਤੇ ਕੁਝ ਥੋੜ੍ਹੀ ਵਿੱਥ ਤੇ ਮੁੰਡਿਆਂ ਦੀ ਹੇੜ੍ਹ ਚੀਕਾਂ ਮਾਰਦੀ ਪੱਥਰ ਵਗਾਹ ਰਹੀ ਸੀ। ਉਨ੍ਹਾਂ ਦੋਹਾਂ ਮੁਸਾਫ਼ਰਾਂ ਵਿਚੋਂ ਨਿੱਕੇ ਨੂੰ ਜਿਹੜਾ ਵੱਡਾ ਫੁਰਤੀਲਾ ਸੀ, ਇਕ ਦੋ ਵਾਰੀ ਮੁੜ ਕੇ ਆਪਣੀ ਸੋਟੀ ਨਾਲ ਕੁੱਤਿਆਂ ਨੂੰ ਮੋੜਦਿਆਂ ਵੀ ਉਨ੍ਹਾਂ ਨੇ ਵੇਖਿਆ। ਉਸ ਦਾ ਸਾਥੀ ਜਿਹੜਾ ਚੰਗਾ ਲੰਮਾ ਜਵਾਨ ਸੀ, ਚੁਪ ਚੁਪੀਤਾ ਸ਼ਾਂਤੀ ਨਾਲ ਟੁਰਿਆ ਜਾਂਦਾ ਸੀ, ਮਾਨੋ ਉਸ ਨੂੰ ਕੁੱਤਿਆਂ ਦਾ ਜਾਂ ਮੁੰਡਿਆ ਦਾ ਜਿਹੜੇ ਕੁੱਤਿਆਂ ਦੀ ਹੀ ਨਕਲਾਂ ਕਰ ਰਹੇ ਸਨ,ਰਤੀ ਭਰ ਵੀ ਪਤਾ ਨਹੀਂ।

ਦੋਵੇਂ ਮੁਸਾਫ਼ਰਾਂ ਨੇ ਫਟੇ ਪੁਰਾਣੇ ਕਪੜੇ ਪਾਏ ਹੋਏ ਸਨ, ਜਿਸ ਤੋਂ ਪਰਤੀਤ ਹੁੰਦਾ ਸੀ ਕਿ ਰਾਤ ਦੀ ਰੋਟੀ ਜੋਗੇ ਵੀ ਉਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਨਹੀਂ। ਮੈਨੂੰ ਨਿਸਚਾ ਹੈ ਕਿ ਇਹੋ ਹੀ ਕਾਰਨ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਆਪਣੇ ਮੁੰਡੇ ਤੇ ਕੁਤੇ ਉਨ੍ਹਾਂ ਦੇ ਮਗਰ ਛੱਡੇ ਸਨ।

ਉਨ੍ਹਾਂ ਨੂੰ ਵੇਖਦਿਆਂ ਹੀ ਫੂਲਾ ਸਿੰਘ ਨੇ ਬਿਸ਼ਨੀ ਨੂੰ ਆਖਿਆ, “ਵੇਖ ਖਾਂ, ਪਿਆਰੀ ਉਹ ਆਉਂਦੇ ਪਏ ਹਨ, ਆਉ ਅਗੋਂ ਹੋ ਕੇ ਉਨ੍ਹਾਂ ਨੂੰ "ਜੀ ਆਇਆਂ" ਆਖੀਏ। ਇਉਂ ਭਾਸਦਾ ਹੈ ਜੋ ਉਹ ਇਤਨੇ ਉਦਾਸ ਹੋਏ ਹਨ ਕਿ ਪਹਾੜੀ ਤੇ ਚੜ੍ਹਨਾ ਵੀ ਉਨ੍ਹਾਂ ਲਈ ਕਠਨ ਹੋ ਗਿਆ ਹੈ" ਬਿਸ਼ਨੀ ਨੇ ਉਤਰ ਦਿਤਾ, "ਤੁਸੀਂ ਅਗੇ ਜਾਉ, ਮੈਂ ਛੇਤੀ ਛੇਤੀ ਅੰਦਰ ਜਾਂਦੀ ਹਾਂ ਤਾਂ ਜੁ ਉਨ੍ਹਾਂ ਦੇ ਪਰਸ਼ਾਦ ਪਾਣੀ ਦਾ ਕੋਈ ਪ੍ਰਬੰਧ ਕਰਾਂ, ਮੈਨੂੰ ਆਸ ਹੈ ਕਿ ਛੰਨਾਂ ਦੁੱਧ ਤੇ ਥੋੜ੍ਹਾ ਪ੍ਰਸ਼ਾਦ ਛਕਣ ਨਾਲ ਉਨ੍ਹਾਂ ਦੀ ਸਾਰੀ ਉਦਾਸੀ ਦੂਰ ਹੋ ਜਾਏਗੀ।”

ਇਹ ਆਖਦਿਆਂ ਹੀ ਉਹ ਤਾਂ ਅੰਦਰ ਚਲੀ ਗਈ ਤੇ ਫੂਲਾ ਸਿੰਘ ਨੇ ਅਗੇ ਜਾ ਕੇ ਵੱਡੇ ਪਿਆਰ ਤੇ ਚਾਉ ਨਾਲ ਉਨ੍ਹਾਂ ਨੂੰ "ਜੀ ਆਇਆਂ" ਆਖਿਆ।

ਰਾਹ ਦੇ ਦੁੱਖ ਤੇ ਥਕਾਵਟ ਦੇ ਹੁੰਦਿਆਂ ਵੀ ਨਿੱਕੇ ਮਸਾਫ਼ਰ

-੧੨੬-