ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/145

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਨ ਇਸ ਲਈ ਆਪ ਰਸੋਈ ਵਿਚ ਹੀ ਲਕੜੀ ਤੇ ਫੱਟਿਆਂ ਤੇ ਲੇਟ ਗਏ। ਰਬ ਕਰੇ ਜੋ ਉਹ ਫੱਟੇ ਇਹੋ ਜਿਹੇ ਨਰਮ ਹੋ ਗਏ ਹੋਣ ਜਿਹੋ ਜਿਹੇ ਉਨ੍ਹਾਂ ਦੇ ਦਿਲ ਸਨ।

ਬਾਬਾ ਫੂਲਾ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਦੀ ਅੱਖ ਸਵੇਰੇ ਹੀ ਖੁਲ੍ਹ ਗਈ, ਮੁਸਾਫ਼ਰ ਵੀ ਉਠ ਬੈਠੇ ਤੇ ਟੁਰਨ ਦੀ ਤਿਆਰੀ ਕਰਨ ਲਗੇ। ਫੂਲਾ ਸਿੰਘ ਨੇ ਦਿਲੋਂ ਪਰਾਹੁਣਚਾਰੀ ਅਨੁਸਾਰ ਆਖਿਆ, “ਥੋੜੀ ਕੁ ਦੇਰ ਠਹਿਰ ਜਾਓ, ਬਿਸ਼ਨੀ ਗਊ ਦਾ ਦੁੱਧ ਪਈ ਚੋਂਦੀ ਹੈ, ਉਹ ਆ ਕੇ ਤੁਹਾਡੇ ਲਈ ਪਰਸ਼ਾਦ ਤਿਆਰ ਕਰ ਲਵੇਗੀ ਤੇ ਸ਼ਾਇਦ ਇਕ ਦੋ ਤਾਜ਼ੇ ਅੰਡੇ ਵੀ ਛਾਹ ਵੇਲਾ ਛਕਣ ਲਈ ਮਿਲ ਜਾਣ।" ਪਰੰਤੂ ਉਨ੍ਹਾਂ ਦੋਹਾਂ ਨੇ ਸੂਰਜ ਦੀ ਗਰਮੀ ਤੋਂ ਪਹਿਲਾਂ ਕੁਝ ਕੁ ਪੈਂਡਾ ਨਜਿਠ ਲੈਣ ਦੇ ਖਿਆਲ ਨਾਲ ਉਸ ਵੇਲੇ ਟੁਰਨ ਲਈ ਆਗਿਆ ਮੰਗੀ ਤੇ ਫੂਲਾ ਸਿੰਘ ਤੇ ਬਿਸ਼ਨੀ ਉਨ੍ਹਾਂ ਨੂੰ ਅਗੇ ਕੁਝ ਦੂਰ ਉਨ੍ਹਾਂ ਨਾਲ ਚਲ ਕੇ ਰਾਹ ਪਾਣ ਲਈ ਬੇਨਤੀ ਕੀਤੀ।

ਬਸ ਉਹ ਚਾਰੇ ਪੁਰਾਣੇ ਮਿੱਤ੍ਰਾਂ ਵਾਂਗ ਗਪਾਂ ਮਾਰਦੇ ਘਰੋਂ ਬਾਹਰ ਨਿਕਲ ਤੁਰੇ। ਹੈਰਾਨੀ ਹੈ ਜੋ ਬੁੱਢਾ ਜੋੜਾ ਵਡੇ ਮੁਸਾਫ਼ਰ ਨਾਲ ਵੀ ਖੁਲ੍ਹ ਪਿਆ ਸੀ ਤੇ ਉਨਾਂ ਦੀਆਂ ਆਤਮਾਵਾਂ ਉਸ ਦੀ ਆਤਮਾ ਵਿਚ ਇਉਂ ਰਲ ਮਿਲ ਗਈਆਂ ਸਨ, ਜਿਵੇਂ ਪਾਣੀ ਦੀਆਂ ਦੋ ਬੂੰਦਾਂ ਅਥਾਹ ਸਮੁੰਦਰ ਵਿਚ ਮਿਲ ਜਾਂਦੀਆਂ ਹਨ। ਪਾਰੇ ਦੀ ਤਾਂ ਗਲ ਹੀ ਨਾ ਪੁਛੋ। ਉਹ ਆਪਣੀ ਤੇਜ਼ ਸਮਝ ਤੇ ਮਖੌਲੀ ਸੁਭਾਵ ਨਾਲ ਉਨ੍ਹਾਂ ਦੇ ਦਿਲ ਦੀਆਂ ਗਲਾਂ ਵੀ ਮਲੂਮ ਕਰ ਲੈਂਦਾ ਸੀ। ਉਹ ਚਾਹੁੰਦੇ ਸਨ ਜੋ ਇਸ ਪਾਰੇ ਦੀ ਅਕਲ ਇਤਨੀ ਤੇਜ਼ ਨਾ ਹੁੰਦੀ ਤੇ ਉਹ ਆਪਣੀ ਭੇਤ ਭਰੀ ਸੋਟੀ ਨੂੰ, ਜਿਸ ਤੇ ਸੱਪ ਲਪੇਟੇ ਹੋਏ ਸਨ, ਕਿਧਰੇ ਦੂਰ ਸੁੱਟ ਆਉਂਦਾ, ਪਰ ਫਿਰ ਉਹ ਕੋਈ ਇਹੋ ਜਿਹੇ ਹਾਸੇ ਦੀ ਗਲ ਕਰ ਦੇਂਦਾ ਜੋ ਉਹ ਉਸ ਨੂੰ ਤੇ ਉਸ ਦੀ ਸੱਪਾਂ ਵਾਲੀ ਸੋਟੀ ਨੂੰ ਸਦਾ ਲਈ ਆਪਣੇ ਘਰ ਦੇ

-੧੪੧-