ਗਈ। ਮੈਂ ਦਿਲ ਵਿਚ ਪ੍ਰਸੰਨ ਹੋਕੇ ਆਖਿਆ, ਕਿਹਾ ਹੀ ਯੋਗ ਕੰਮ ਮੈਨੂੰ ਹੱਥ ਲੱਗ ਗਿਆ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਭਾਰਤ ਮਾਤਾ ਦੀ ਸੇਵਾ ਦਾ ਉਪਦੇਸ਼ ਕੀਤਾ ਕਰਾਂਗਾ। ਮੈਂ ਕੰਮ ਅਰੰਭ ਕਰ ਦਿੱਤਾ, ਪਰ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਮਤਿਹਾਨ ਵਿਚ ਚੰਗੇ ਨਤੀਜੇ ਵਿਖਾਣ ਦਾ ਕੰਮ ਹਿੰਦੁਸਤਾਨ ਦੀ ਸੇਵਾ ਤੋਂ ਬਹੁਤ ਵਧੀਕ ਜ਼ਰੂਰੀ ਹੈ। ਜਦੋਂ ਮੈਂ ਮੁੰਡਿਆਂ ਨੂੰ ਵਿਆਕਰਣ ਜਾਂ ਅਲਜਬਰੇ ਤੋਂ ਬਿਨਾਂ ਕੋਈ ਹੋਰ ਗੱਲ ਦੱਸਦਾ ਤਾਂ ਸਕੂਲ ਦੇ ਹੈਡ ਮਾਸਟਰ ਜੀ ਮੇਰੇ ਉਤੇ ਸਖ਼ਤ ਨਾਰਾਜ਼ ਹੁੰਦੇ। ਬਸ ਕੁਝ ਮਹੀਨਿਆਂ ਵਿਚ ਹੀ ਮੇਰਾ ਜੋਸ਼ ਵੀ ਠੰਢਾ ਪੈ ਗਿਆ। ਇਕ ਮਾਸਟਰ ਨੂੰ ਸਕੂਲ ਵਿਚ ਹੀ ਰਾਤ ਨੂੰ ਸੌਣਾ ਪੈਂਦਾ ਹੁੰਦਾ ਸੀ, ਤਾ ਜੁ ਨਿਗਰਾਨੀ ਦਾ ਕੰਮ ਚੰਗੀ ਤਰ੍ਹਾਂ ਹੋ ਸਕੇ। ਕੰਵਾਰਾ ਹੋਣ ਕਰ ਕੇ ਇਹ ਬਲਾ ਮੇਰੇ ਗਲੇ ਹੀ ਪਈ।
ਮੇਰਾ ਮਕਾਨ ਸਕੂਲ ਦੇ ਲਾਗੇ ਹੀ ਸੀ, ਇਸ ਦੇ ਸਾਹਮਣੇ ਇਕ ਤਾਲਾਬ ਸੀ ਜਿਸ ਦੇ ਚੁਗਿਰਦੇ ਨਾਰੀਅਲ ਦੇ ਬੂਟੇ ਸਨ। ਮਕਾਨ ਦੇ ਵਿਹੜੇ ਵਿਚ ਦੋ ਤਿੰਨ ਨਿੰਮ ਦੇ ਬ੍ਰਿਛ ਸਨ, ਜਿਨ੍ਹਾਂ ਦੀ ਛਾਉਂ ਗਰਮੀ ਦੀ ਰੁੱਤ ਵਿਚ ਡਾਹਢਾ ਆਰਾਮ ਦੇਂਦੀ ਸੀ। ਸਚੇਂ ਇਕ ਗੱਲ ਮੈਂ ਭੁਲ ਗਿਆ, ਰਾਮ ਲਾਲ ਵਕੀਲ ਦਾ ਮਕਾਨ ਵੀ ਸਾਡੇ ਲਾਗੇ ਹੀ ਸੀ। ਮੈਂ ਇਹ ਵੀ ਜਾਣਦਾ ਸਾਂ ਕਿ ਉਸ ਦੀ ਪਤਨੀ, ਮੇਰੀ ਬਾਲ ਸਖਾਈ ਸੰਗਣ ਸੁਸ਼ੀਲਾ, ਉਸ ਦੇ ਕੋਲ ਹੀ ਰਹਿੰਦੀ ਹੈ।
ਰਾਮ ਲਾਲ ਬਾਬੂ ਨਾਲ ਮੇਰੀ ਜਾਣ ਪਹਿਚਾਣ ਹੋ ਗਈ। ਮੈਂ ਨਹੀਂ ਜਾਣਦਾ ਸਾਂ ਕਿ ਰਾਮ ਲਾਲ ਬਾਬੂ ਨੂੰ ਵੀ ਪਤਾ ਹੈ ਜਾਂ ਨਹੀਂ ਕਿ ਸੁਸ਼ੀਲਾ ਤੇ ਮੈਂ ਬਾਲਪਨ ਵਿਚ ਇਕੱਠੇ ਖੇਡਦੇ ਰਹੇ ਹਾਂ, ਤੇ ਮੈਂ ਵੀ ਉਨ੍ਹਾਂ ਨੂੰ ਸੁਝਾਵਣਾ ਯੋਗ ਨਾ ਸਮਝਿਆ। ਹੁਣ ਮੈਂ ਭੁਲ ਚੁਕਾ ਸਾਂ ਕਿ ਸੁਸ਼ੀਲਾ ਕਦੇ ਮੇਰੀ ਸੀ। ਛੁਟੀ ਵਾਲੇ ਇਕ
-੧੧-