ਪੰਨਾ:ਦਸ ਦੁਆਰ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਦੇ ਹਨ, ਅਜ ਇੰਗਲੈਂਡ ਵਿਚ ਇਸ ਕੋਲੋਂ ਵਧੀਕ ਕੋਈ ਵਿਦਵਾਨ ਨਹੀਂ, ਮੈਂ ਇਸ ਨੂੰ ਆਪਣੇ ਮਿੱਤਰ ਬਾਸਵਲ ਨਾਲ ਲੰਡਨ ਦੀਆਂ ਗਲੀਆਂ ਵਿੱਚ ਫਿਰਦੇ ਵੇਖਿਆ ਸੀ।"

ਜੋ ਕੁਝ ਜਟ ਨੇ ਆਖਿਆ, ਸੋਲਾਂ ਆਨੇ ਠੀਕ ਸੀ। ਗ਼ਰੀਬ ਬਦਸੂਰਤ ਮੁੰਡਾ ਸੈਮ ਜਿਸ ਨਾਲ ਇਸ ਕਹਾਣੀ ਦਾ ਆਰੰਭ ਹੋਇਆ ਸੀ, ਹੁਣ ਉੱਘਾ ਡਾਕਟਰ ਸੈਮੂਲ ਜਾਨਸਨ ਬਣਿਆ ਹੋਇਆ ਸੀ। ਉਸ ਸਮੇਂ ਇੰਗਲੈਂਡ ਵਿਚ ਉਹ ਸਾਰਿਆਂ ਕੋਲੋਂ ਵੱਧ ਵਿਦਵਾਨ ਤੇ ਸਾਰਿਆਂ ਕੋਲੋਂ ਉਘਾ ਲਿਖਾਰੀ ਮੰਨਿਆ ਜਾਂਦਾ ਸੀ। ਇਹ ਪਹਿਲਾ ਪੁਰਸ਼ ਸੀ, ਜਿਸ ਨੇ ਅੰਗਰੇਜ਼ੀ ਬੋਲੀ ਦਾ ਮਹਾਂ ਕੋਸ਼ ਲਿਖਿਆ ਸੀ ਤੇ ਦੇਸ਼ ਦੇ ਹਜ਼ਾਰਾਂ ਤੇ ਲਖਾਂ ਆਦਮੀ ਉਸ ਦੀਆਂ ਪੁਸਤਕਾਂ ਨੂੰ ਪੜ੍ਹਦੇ ਸਨ। ਵੱਡੇ ਵੱਡੇ ਧਨਾਢ ਤੇ ਭਲੇ ਲੋਕ ਉਸ ਦੇ ਬਚਨਾਂ ਨੂੰ ਸੁਣਨ ਤੇ ਉਸ ਦੀ ਸੰਗਤ ਕਰਨ ਨੂੰ ਆਪਣੀ ਵਡਿਆਈ ਸਮਝਦੇ ਸਨ। ਵਲਾਇਤ ਦਾ ਬਾਦਸ਼ਾਹ ਉਸ ਨੂੰ ਆਪਣਾ ਮਿੱਤਰ ਸਮਝਦਾ ਸੀ ਤੇ ਆਖਿਆ ਕਰਦਾ ਸੀ ਜੋ ਦੇਸ਼ ਨੂੰ ਡਾਕਟਰ ਸੈਮੁਲ ਜਾਨਸਨ ਦੀ ਹੋਂਦ ਤੇ ਵੱਡਾ ਹੀ ਮਾਣ ਹੈ। ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਜੋ ਉਸ ਸਮੇਂ ਉਸ ਦੇ ਨਾਲ ਦਾ ਕੋਈ ਹੋਰ ਉੱਘਾ ਪੁਰਸ਼ ਨਹੀਂ ਸੀ। ਫਿਰ ਵੀ ਉਸ ਦੇ ਮਨ ਤੋਂ ਬਾਲ ਅਵਸਥਾ ਦੀ ਇਕ ਘੱਟਨਾ ਕਦੇ ਉਹਲੇ ਨਹੀਂ ਸੀ ਹੋਈ, ਤੇ ਉਹ ਗੱਲ ਸਦਾ ਉਸ ਨੂੰ ਦੁੱਖ ਦੇਂਦੀ ਰਹੀ ਸੀ।

ਭਾਵੇਂ ਉਸ ਦੇ ਪਿਤਾ ਨੂੰ ਮੋਇਆਂ ਢੇਰ ਵਰ੍ਹੇ ਬੀਤ ਚੁੱਕੇ ਸਨ, ਪਰੰਤੂ ਉਸ ਦੁੱਖ ਲਈ ਜਿਹੜਾ ਬਾਲ ਅਵਸਥਾ ਵਿੱਚ ਉਸ ਨੇ ਆਪਣੇ ਪਿਤਾ ਨੂੰ ਦਿੱਤਾ ਸੀ, ਉਸ ਨੇ ਆਪਣੇ ਆਪ ਨੂੰ ਕਦੇ ਵੀ ਮਾਫ਼ ਨਾ ਕੀਤਾ, ਇਸੇ ਕਰਕੇ ਹੁਣ ਬੁੱਢੀ ਉਮਰ ਵਿੱਚ ਉਹ ਉਸ ਥਾਂ ਤੇ ਅਫ਼ਸੋਸ ਪ੍ਰਗਟ ਕਰਨ ਲਈ ਹਾਜ਼ਰ ਹੋਇਆ ਸੀ, ਜਿਥੇ ਕਦੇ ਉਸ ਦੇ ਪਿਤਾ ਦੀ ਹਟੀ ਹੁੰਦੀ ਸੀ, ਇਸ ਪ੍ਰਕਾਰ ਬੁੱਢੀ ਉਮਰ

-੧੫੭-