"ਫਿਰ ਕਦੇ ਪਛਤਾਵੇਂਗਾ ਤਾਂ ਨਹੀਂ ?"
"ਇਹ ਕਿਵੇਂ ਹੋ ਸਕਦਾ ਹੈ ? ਮੈਨੂੰ ਇਸ ਦੇ ਬਿਨਾਂ ਕੋਈ ਹੋਰ ਸ਼ੈ ਪੂਰਨ ਪ੍ਰਸੰਨ ਨਹੀਂ ਕਰ ਸਕਦੀ।"
"ਓਪਰੇ ਜੀਵ ਨੇ ਵਿਦਾ ਹੁੰਦਿਆਂ ਤੇ ਹੱਥ ਹਲਾਂਦਿਆਂ ਆਖਿਆ, “ਚੰਗਾ ਜੇ ਇਹੋ ਹੀ ਤੇਰੀ ਮਰਜ਼ੀ ਹੈ, ਤਾਂ ਇਵੇਂ ਹੀ ਹੋਵੇਗਾ। ਭਲਕੇ ਸੂਰਜ ਦੇ ਨਿਕਲਦਿਆਂ ਹੀ ਤੇਰੇ ਅੰਦਰ ਇਹ ਸ਼ਕਤੀ ਆ ਜਾਵੇਗੀ। ਇਹ ਆਖਦਿਆਂ ਉਸ ਜੀਵ ਦੀ ਸੂਰਤ ਇਉਂ ਚਮਕਣ ਲੱਗ ਪਈ, ਜੋ ਮਾਇਆ ਦਾਸ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਆਪ ਮੁਹਾਰੇ ਹੀ ਮੀਟੀਆਂ ਗਈਆਂ। ਜਦੋਂ ਉਸ ਨੇ ਨੇਤ੍ਰ ਖੋਲ੍ਹੇ ਤਾਂ ਕਮਰੇ ਵਿਚ ਸੂਰਜ ਦੀ ਉਹੋ ਹੀ ਇਕੋ ਇਕ ਕਿਰਨ ਉਸ ਦੇ ਸਾਰੀ ਉਮਰ ਦੇ ਇਕੱਤ੍ਰ ਕੀਤੇ ਹੋਏ ਸੋਨੇ ਤੇ ਪੈ ਰਹੀ ਸੀ ਤੇ ਚਮਕਾ ਰਹੀ ਸੀ।
ਸਾਨੂੰ ਨਹੀਂ ਪਤਾ ਜੋ ਮਾਇਆ ਦਾਸ ਦੀ ਉਸ ਰਾਤ ਅੱਖ ਲੱਗੀ ਵੀ ਜਾਂ ਨਹੀਂ, ਪਰ ਇਹ ਆਖ ਸਕਦੇ ਹਾਂ ਜੋ ਸੁੱਤਿਆਂ ਜਾਗਦਿਆਂ ਉਸ ਦੇ ਮਨ ਦੀ ਦਸ਼ਾ ਜ਼ਰੂਰ ਉਸ ਬੱਚੇ ਵਾਂਗ ਸੀ, ਜਿਸ ਦੇ ਨਾਲ ਇਹ ਇਕਰਾਰ ਕੀਤਾ ਗਿਆ ਹੋਵੇ ਜੋ ਦਿਨ ਚੜ੍ਹੇ ਉਸ ਨੂੰ ਕੋਈ ਨਵਾਂ ਖਿਡੌਣਾ ਮਿਲੇਗਾ।
੩.
ਅਜੇ ਪਹਾੜੀਆਂ ਤੇ ਲੋ ਵੀ ਨਹੀਂ ਸੀ ਹੋਈ ਜੋ ਮਾਇਆ ਦਾਸ ਜਾਗ ਪਿਆ ਤੇ ਬਿਸਤਰੇ ਵਿਚੋਂ ਬਾਹਵਾਂ ਬਾਹਰ ਪਸਾਰ ਕੇ ਲਾਗੇ ਪਈਆਂ ਚੀਜ਼ਾਂ ਨੂੰ ਛੋਹਣ ਲੱਗ ਪਿਆ ਤਾਂ ਜੁ ਵੇਖੇ ਜੋ ਉਸ ਓਪਰੇ ਜੀਵ ਦੀ ਬਖ਼ਸ਼ੀ ਹੋਈ ਸ਼ਕਤੀ ਉਸ ਵਿਚ ਆ ਗਈ ਹੈ ਜਾਂ ਨਹੀਂ। ਉਸ ਨੇ ਨਾਲ ਦੀ ਕੁਰਸੀ ਤੇ ਉਂਗਲ ਲਾਈ, ਹੋਰ ਚੀਜ਼ਾਂ ਨੂੰ ਵੀ ਛੋਹਿਆ ਪਰ ਉਸ ਦੀ ਨਿਰਾਸਤਾ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਵੇਖਿਆ ਜੋ ਉਨ੍ਹਾਂ ਚੀਜ਼ਾਂ ਵਿਚ ਕੋਈ ਬਦਲੀ
-੧੬੫-