ਪੰਨਾ:ਦਸ ਦੁਆਰ.pdf/174

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸੋਨੀ ਵੀ ਕਮਰੇ ਵਿਚ ਪੁਜ ਗਈ। ਉਸਨੂੰ ਵੇਖ ਕੇ ਮਾਇਆ ਦਾਸ ਨੇ ਪਿਆਰ ਨਾਲ ਆਖਿਆ, "ਕਿਉਂ ਪੁਤ੍ਰੀ ਸੋਨੀ ਕੀ ਗਲ ਹੈ ਜੋ ਅਜ ਖੁਸ਼ੀ ਦੇ ਦਿਨ ਤੂੰ ਸਵੇਰੇ ਸਵੇਰੇ ਹੀ ਰੋਣ ਲਗ ਪਈ ਏਂ?"

ਸੋਨੀ ਨੇ ਆਪਣੀਆ ਅੱਖਾਂ ਰੁਮਾਲ ਨਾਲ ਪੂੰਜਦੇ ਹੋਏ ਆਪਣਾ ਨਿੱਕਾ ਜਿਹਾ ਹੱਥ ਅਗੇ ਕੀਤਾ, ਜਿਸ ਵਿਚ ਇਕ ਗੁਲਾਬ ਦਾ ਫੁੱਲ ਸੀ ਜਿਸ ਨੂੰ ਹੁਣੇ ਹੀ ਰਾਜੇ ਹੁਰੀ ਸੋਨੇ ਦਾ ਬਣਾ ਆਏ ਸਨ।

ਪਿਤਾ ਨੇ ਖਿੜ ਖਿੜ ਹੱਸ ਕੇ ਆਖਿਆ, “ਕਿਹਾ ਹੀ ਸੋਹਣਾ ਹੈ ਤੇ ਇਸ ਸੁਨਹਿਰੀ ਫੁਲ ਵਿਚ ਰੋਣੇ ਦੀ ਕੀ ਗਲ ਹੈ?”

ਡੁਸਕੋਰੇ ਭਰਦਿਆਂ ਹੋਇਆ ਸੋਨੀ ਨੇ ਆਖਿਆ, “ਪਾਪਾ ਜੀ ! ਤੁਸਾਂ ਵੇਖਿਆ ਨਹੀਂ, ਇਹ ਸੋਹਣਾ ਨਹੀਂ ਹੈ, ਇਹੋ ਜਿਹਾ ਭੈੜਾ ਫੁਲ ਤਾਂ ਅਜ ਤੋੜੀ ਮੈਂ ਕਦੇ ਵੇਖਿਆ ਹੀ ਨਹੀਂ। ਕੱਪੜੇ ਪਾਉਂਦਿਆਂ ਹੀ ਮੈਂ ਦੌੜ ਕੇ ਬਾਗ਼ ਵਲ ਗਈ ਤਾਂ ਜੁ ਤੁਹਾਡੇ ਲਈ ਫੁਲ ਚੁਣ ਲਿਆਵਾਂ, ਪਰ ਮੈਂ ਕੀ ਦਸਾਂ, ਰਬ ਜਾਣੇ ਕੀ ਕਹਿਰ ਹੋ ਗਿਆ ਹੈ, ਜੋ ਸਾਰੇ ਫੁਲ ਜਿਹੜੇ ਇਹੋ ਜਿਹੇ ਸੁੰਦਰ ਖਿੜਦੇ ਤੇ ਸੁਗੰਧੀ ਦਿਤਾ ਕਰਦੇ ਸਨ, ਅਜ ਸੁੱਕੇ ਸੜੇ ਪਏ ਸਨ। ਐਹ ਵੇਖੋ ਖਾਂ, ਸਾਰੇ ਇਹੋ ਜਿਹੇ ਪੀਲੇ ਹੋਏ ਪਏ ਹਨ ਤੇ ਨਾਉਂ ਮਾਤ੍ਰ ਵੀ ਸੁਗੰਧੀ ਨਹੀਂ ਦਿੰਦੇ, ਖਬਰੇ ਕੀ ਹੋ ਗਿਆ ਹੈ।"

ਮਾਇਆ ਦਾਸ ਨੇ ਜਿਸ ਨੂੰ ਇਸ ਗਲ ਦੇ ਮੰਨਣ ਵਿਚ ਸ਼ਰਮ ਆਉਂਦੀ ਸੀ ਜੋ ਇਸ ਸਾਰੀ ਤਬਦੀਲੀ ਦਾ ਕਾਰਨ, ਜਿਸ ਨੇ ਉਸ ਬੱਚੀ ਦੇ ਮਸੂਮ ਦਿਲ ਨੂੰ ਇਤਨਾ ਦੁਖੀ ਕੀਤਾ ਹੈ, ਉਹ ਆਪ ਹੀ ਹੈ, ਹੌਲੇ ਜਿਹੇ ਆਖਿਆ, "ਵਾਹ ਝਲੀਏ ਕੁੜੀਏ ! ਇਸੇ ਕਰਕੇ ਪਈ ਰੋਂਦੀ ਹੈਂ ! ਬਹਿ ਕੇ ਰੋਟੀ ਖਾ ਲੈ, ਤੈਨੂੰ ਛੇਤੀ ਹੀ ਪਤਾ ਲਗ ਜਾਵੇਗਾ ਜੋ ਇਹੋ ਜਿਹਾ ਸੁਨਹਿਰੀ ਫੁਲ ਜਿਹੜਾ ਸੈਂਕੜੇ ਸਾਲ ਇਸੇ ਤਰ੍ਹਾਂ ਚਮਕਦਾ ਰਹੇਗਾ, ਉਸ ਮਾਮੂਲੀ ਫੁਲ

-੧੨੦-