ਪੰਨਾ:ਦਸ ਦੁਆਰ.pdf/179

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਾਸ ਨੇ ਸਿਰ ਫੇਰ ਕੇ ਆਖਿਆ, “ਮੈਂ ਡਾਢਾ ਦੁਖੀ ਹਾਂ।"

"ਹੈਂ ਦੁਖੀ ਉਹ ਕਿਵੇਂ ? ਕੀ ਮੈਂ ਆਪਣਾ ਬਚਨ ਪੂਰਾ ਨਹੀਂ ਕੀਤਾ ? ਕੀ ਮੂੰਹ ਮੰਗੀ ਮੁਰਾਦ ਤੈਨੂੰ ਨਹੀਂ ਮਿਲ ਗਈ ?"

ਮਾਇਆ ਦਾਸ ਨੇ ਉੱਤਰ ਦਿੱਤਾ, “ਸੰਸਾਰ ਵਿਚ ਸੋਨਾ ਹੀ ਸਭੋ ਕੁਝ ਨਹੀਂ। ਜਿਹੜੀ ਚੀਜ਼ ਦੁਨੀਆਂ ਵਿਚ ਸਾਰਿਆਂ ਕੋਲੋਂ ਮੈਨੂੰ ਪਿਆਰੀ ਸੀ, ਮੈਂ ਉਹ ਗਵਾ ਬੈਠਾ ਹਾਂ।"

ਇਹ ਦੁੱਖ ਦਰਦ ਪਾਇਆ, ਮੈਂ ਸੋਨੇ ਦੇ ਪਿਛੇ।

ਜ਼ਮਾਨਾ ਵੰਜਾਇਆ, ਮੈਂ ਸੋਨੇ ਦੇ ਪਿਛੇ।

ਹੈ ਸੋਨੇ ਨੇ ਕੀਤਾ, ਮੇਰੇ ਦਿਲ ਨੂੰ ਅੰਨ੍ਹਾ।

ਮੈਂ ਜੀਵਣ ਗਵਾ ਕੇ, ਭੀ ਸੋਨੇ ਨੂੰ ਬੰਨ੍ਹਾ।

ਮੈਂ ਕਿਸਮਤ ਦਾ ਹਾਰੁ, ਨਸੀਬਾਂ ਦਾ ਕੁੱਠਾ।

ਪਿਆ ਫਾਲ ਲੇਖਾਂ ਦਾ, ਮੇਰੇ ਤੇ ਪੁੱਠਾ।

ਮੈਂ ਆਯੂ ਵੰਝਾ ਦਿਤੀ, ਸੋਨੇ ਦੇ ਪਿਛੇ।

ਮੈਂ ਸੋਨੀ ਗਵਾ ਦਿਤੀ, ਸੋਨੇ ਦੇ ਪਿਛੇ।

"ਵਾਹ ਮਾਇਆ ਦਾਸ ਤਾਂ ਤੇ ਇਕੋ ਰੋਜ਼ ਵਿਚ ਹੀ ਤੈਨੂੰ ਗਿਆਨ ਹੋ ਗਿਆ ਹੈ। ਚੰਗਾ ਹੁਣ ਦਸ ਖਾਂ, ਕਿਹੜੀ ਚੀਜ਼ ਵਧੇਰੇ ਮੁੱਲ ਦੀ ਹੈ। ਇਕ ਛੰਨਾ ਠੰਡੇ ਪਾਣੀ ਦਾ ਜਾਂ ਕੰਚਨ ਛੋਹ ਦੀ ਸ਼ਕਤੀ।"

"ਹਾਏ ਪਾਣੀ ! ਹਾਏ ਪਾਣੀ !! ਪਰ ਮੇਰੇ ਸੁੱਕੇ ਸੰਘ ਨੂੰ ਹੁਣ ਪਾਣੀ ਕਿਥੋਂ ?"

"ਕੰਚਨ ਛੋਹ ਜਾਂ ਰੋਟੀ ਦਾ ਟੁਕੜਾ।"

"ਧਰਤੀ ਦੇ ਸਾਰੇ ਸੋਨੇ ਤੋਂ ਕੀਮਤੀ ਇਕ ਰੋਟੀ ਦਾ ਟੁਕੜਾ ਹੈ।"

"ਕੰਚਨ ਛੋਹ ਜਾਂ ਤੇਰੀ ਆਪਣੀ ਜੀਉਂਦੀ ਜਾਗਦੀ, ਫੁੱਲਾਂ ਵਰਗੀ ਨਰਮ ਸੋਨੀ, ਜਿਹੋ ਜਿਹੀ ਕਿ ਘੰਟਾ ਕੁ ਪਹਿਲਾਂ ਸੀ।"

-੧੭੫-