ਪੰਨਾ:ਦਸ ਦੁਆਰ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘ੍ਰਿਣਾ ਸੀ ਜੋ ਉਸ ਨੇ ਕਦੇ ਵੀ ਵਹੁਟੀ ਦੀ ਇਸ ਬੇਨਤੀ ਨੂੰ ਪਰਵਾਨ ਨ ਕੀਤਾ ਇਹ ਹੈ ਵੀ ਸੀ ਚੰਗਾ, ਕਿਉਂ ਜੋ ਸ਼ਰਤ ਦੇ ਸਾਹਮਣੇ ਨੀਲਕੰਤਾ ਨੇ ਘਬਰਾ ਜਾਣਾ ਸੀ ਤੇ ਕੁਝ ਵੀ ਗਾ ਨਹੀਂ ਸਕਣਾ ਸੀ।

ਉਸ ਦੀ ਮਾਤਾ ਕਦੇ ਕਦੇ ਭਜਨਾਂ ਵਿਚ ਪਰਮੇਸ਼ਰ ਦੇ ਨਾਉਂ ਦੇ ਸੁਣਨ ਦੇ ਖ਼ਿਆਲ ਨਾਲ ਆ ਤਾਂ ਬੈਠਦੀ ਸੀ, ਪਰੰਤੂ ਦੁਪਹਿਰ ਵੇਲੇ ਸੌਣ ਦੀ ਉਸ ਨੂੰ ਵਾਦੀ ਸੀ, ਇਸ ਲਈ ਉਥੇ ਹੀ ਬੈਠਿਆਂ ਬੈਠਿਆਂ ਘੂਕ ਸੌਂ ਜਾਂਦੀ। ਸ਼ਰਤ ਕਿਤਨੀ ਵਾਰੀ ਮੁੰਡੇ ਨੂੰ ਝਿੜਕਦਾ, ਚਪੇੜਾਂ ਮਾਰਦਾ, ਕੰਨ ਖਿੱਚਦਾ, ਪਰ ਰਾਸਧਾਰੀਆਂ ਦੀ ਟੋਲੀ ਵਿਚ ਉਹ ਇਤਨੀ ਮਾਰ ਕੁਟਾਈ ਦਾ ਹਿਲਿਆ ਹੋਇਆ ਸੀ, ਜੋ ਇਹ ਮਾਰ ਉਸ ਨੂੰ ਰਤੀ ਵੀ ਨ ਪੋਂਹਦੀ। ਥੋੜ੍ਹੀ ਜਿਹੀ ਉਮਰ ਦੇ ਤਜਰਬੇ ਨੇ ਉਸ ਨੂੰ ਸਿਖਾ ਦਿੱਤਾ ਸੀ, ਜੋ ਜਿਵੇਂ ਸੰਸਾਰ ਖ਼ੁਸ਼ਕੀ ਤੇ ਪਾਣੀ ਦਾ ਬਣਿਆ ਹੋਇਆ ਹੈ, ਤਿਵੇਂ ਹੀ ਇਕ ਪੁਰਸ਼ ਦੀ ਜ਼ਿੰਦਗੀ ਖਾਣ ਪੀਣ ਤੇ ਮਾਰ ਕੁਟਾਈ ਦੀ ਬਣੀ ਹੋਈ ਹੈ, ਸਗੋਂ ਮਾਰ ਕੁਟਾਈ ਵਧੀਕ ਹੈ।

ਨੀਲਕੰਤਾ ਦੀ ਉਮਰ ਕੀ ਸੀ? ਇਹ ਸਵਾਲ ਕੋਈ ਸੌਖਾ ਨਹੀਂ। ਜੇ ਚੌਦਾਂ ਜਾਂ ਪੰਦਰਾਂ ਦੇ ਲਗ ਪਗ ਆਖੀਏ ਤਾਂ ਵੇਖਣ ਵਿਚ ਉਹ ਵੱਡਾ ਪਰਤੀਤ ਹੁੰਦਾ ਸੀ, ਜੇ ਸਤਾਰਾਂ ਅਠਾਰਾਂ ਆਖੀਏ ਤਾਂ ਇਸ ਤੋਂ ਨਿੱਕਾ ਜਾਪਦਾ ਸੀ। ਸ਼ਕਲ ਸੂਰਤ ਵੇਖ ਕੇ ਇਹ ਅਨੁਮਾਨ ਲੱਗਦਾ ਸੀ ਜੋ ਜਾਂ ਤੇ ਬਹੁਤ ਛੇਤੀ ਉਹ ਗਭਰੂ ਬਣ ਗਿਆ ਹੈ ਜਾਂ ਬਹੁਤ ਚਿਰ ਮੁੰਡਾ ਹੀ ਰਿਹਾ ਹੈ। ਅਸਲ ਗੱਲ ਇਹ ਹੈ ਜੋ ਅਜੇ ਮੁੰਡਾ ਹੀ ਸੀ, ਜਦੋਂ ਉਹ ਰਾਸਧਾਰੀਆਂ ਵਿਚ ਰਲ ਗਿਆ ਸੀ ਤੇ ਇਥੇ ਇਸ ਨੂੰ ਰਾਧਕਾਂ, ਦਮਯੰਤੀ ਤੇ ਸੀਤਾ ਦੇ ਸਾਂਗ ਉਤਾਰਨੇ ਪੈਂਦੇ ਸਨ। ਇਸ ਲਈ ਕਾਰ-ਸਾਜ਼ ਰੱਬ ਨੇ ਉਸ ਦਾ ਕੱਦ ਇਤਨਾ ਹੀ ਰਹਿਣ ਦਿੱਤਾ ਜਿਤਨੇ ਕੁ ਦੀ ਉਸ ਦੇ ਮਾਲਕ ਨੂੰ ਲੋੜ ਸੀ ਤੇ ਬਸ ਇਸ ਤੋਂ ਅਗੇ ਉਸ ਦਾ ਵਾਧਾ

-੩੫-