ਪੰਨਾ:ਦਸ ਦੁਆਰ.pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਰਵਾਜ਼ਾ ਬੰਦ ਕਰ ਛੱਡਦੀ ਤੇ ਹੱਸ ਹੱਸ ਕੇ ਦੋਹਰੀ ਹੁੰਦੀ। ਸਤੀਸ਼ ਵੀ ਆਪਣੇ ਵਲੋਂ ਕਿਹੜਾ ਘਟ ਕਰਦਾ ਸੀ। ਕਦੇ ਉਸ ਦੀਆਂ ਚਾਬੀਆਂ ਤੇ ਛੱਲਿਆਂ ਨੂੰ ਛੁਪਾ ਕੇ ਉਸ ਨੂੰ ਪਿਟਾਂਦਾ, ਕਦੇ ਉਸ ਦੇ ਪਾਨ ਵਿਚ ਮਿਰਚਾਂ ਮਿਲਾ ਛੱਡਦਾ ਤੇ ਕਦੇ ਸੁੱਤੀ ਪਈ ਨੂੰ ਮੰਜੇ ਵਿੱਚ ਬੰਨ੍ਹ ਜਾਂਦਾ। ਮੁਕਦੀ ਗੱਲ ਇਹ ਜੋ ਇਸ ਹਾਸੇ ਖੇਡੇ ਵਿਚ ਕੀਰਾਂ ਨੂੰ ਹੁਣ ਪਤਾ ਵੀ ਨ ਲੱਗਦਾ, ਜੋ ਸੂਰਜ ਕਦ ਚੜ੍ਹਦਾ ਤੇ ਕਦ ਡੁਬਦਾ ਹੈ।

ਪਰ ਰੱਬ ਜਾਣੇ ਨੀਲਕੰਤਾ ਦੇ ਦਿਲ ਵਿਚ ਇਸ ਸਮੇਂ ਕੀ ਗੁਜ਼ਰ ਰਿਹਾ ਸੀ? ਅੰਦਰੋ-ਅੰਦਰ ਕੁੜ੍ਹ ਕੁੜ੍ਹ ਕੇ ਉਹ ਕੋਇਲੇ ਹੋਇਆ ਪਿਆ ਸੀ ਤੇ ਦਿਲ ਦਾ ਗੁਬਾਰ ਕੱਢਣ ਲਈ ਕਿਸੇ ਪੁਰਸ਼ ਜਾਂ ਚੀਜ਼ ਦੀ ਭਾਲ ਵਿਚ ਹੀ ਰਹਿੰਦਾ ਸੀ। ਹੋਰ ਤਾਂ ਕਿਧਰੇ ਉਸ ਦੀ ਪੇਸ਼ ਨਹੀਂ ਚਲਦੀ ਸੀ, ਬਸ ਵੱਸ ਪਿਆ ਤਾਂ ਸਾਥੀ ਮੁੰਡਿਆਂ ਨੂੰ ਕੁਟ ਕਢਿਆ, ਕੁੱਤੇ ਦੀ ਭੁਗਤ ਸਵਾਰ ਦਿੱਤੀ; ਸੈਰ ਕਰਨ ਜਾਂਦਿਆਂ ਬੈਂਤ ਨਾਲ ਅੱਗੇ ਪਿਛੇ ਦੇ ਰੁੱਖਾਂ ਦੇ ਪੱਤਰ ਝਾੜ ਸੁਟੇ, ਇਸ ਪ੍ਰਕਾਰ ਉਹ ਆਪਣੇ ਦਿਲ ਦਾ ਗੁਬਾਰ ਕੱਢਦਾ।

ਕੀਰਾਂ ਉਨ੍ਹਾਂ ਇਸਤੀਆਂ ਵਿਚੋਂ ਸੀ ਜਿਹੜੀਆਂ ਦੂਜਿਆਂ ਨੂੰ ਖੁਵਾ ਕੇ ਪ੍ਰਸੰਨ ਹੁੰਦੀਆਂ ਹਨ। ਨੀਲਕੰਤਾ ਚੰਗਾ ਪੇਟੂ ਸੀ ਤੇ ਭਾਵੇਂ ਕਿਤਨਾ ਹੀ ਰੱਜਿਆ ਹੋਇਆ ਹੋਵੇ ਚੰਗੀ ਚੀਜ਼ ਖਾਣ ਤੋਂ ਕਦੇ ਨਾਂਹ ਨਹੀਂ ਕਰਦਾ। ਇਸੇ ਕਰ ਕੇ ਕੀਰਾਂ ਉਸ ਨੂੰ ਆਪਣੇ ਕੋਲ ਬੁਲਾ ਕੇ ਰੋਟੀ ਖੁਆਉਂਦੀ ਹੁੰਦੀ ਸੀ ਤੇ ਆਪਣੇ ਆਪ ਨੂੰ ਭਾਗੇਭਰੀ ਸਮਝਦੀ ਸੀ ਜੋ ਇਕ ਬ੍ਰਾਹਮਣ ਮੁੰਡੇ ਨੂੰ ਪ੍ਰਸੰਨ ਕਰਨ ਦਾ ਅਵਸਰ ਮਿਲਿਆ ਹੈ।

ਪਰ ਹੁਣ ਜਦ ਸਤੀਸ਼ ਆ ਗਿਆ, ਕੀਰਾਂ ਨੂੰ ਘਟ ਹੀ ਵਿਹਲ ਮਿਲਦੀ ਸੀ ਜੋ ਉਸ ਨੂੰ ਕੋਲ ਸਦ ਕੇ ਰੋਟੀ ਖੁਆਵੇ। ਅਗੇ ਤਾਂ ਭਾਵੇਂ ਕੀਰਾਂ ਮੌਜੂਦ ਹੋਵੇ ਜਾਂ ਨਾ, ਮੁੰਡੇ ਦੀ ਭੁਖ ਵਿਚ ਕੋਈ ਫ਼ਰਕ ਨਹੀਂ ਸੀ ਪੈਂਦਾ ਤੇ ਜਦ ਤੋੜੀ ਪੇਟ ਵਿਚ ਰਤੀ ਵੀ ਥਾਂ

-੩੯-