ਪੰਨਾ:ਦਸ ਦੁਆਰ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਜਦੋਂ ਕੀਰਾਂ ਦੇ ਸਾਹਮਣੇ ਉਸ ਨੂੰ ਚੋਰ ਆਖ ਕੇ ਸਦਿਆ ਗਿਆ, ਉਸ ਦੀਆਂ ਅੱਖਾਂ ਲਾਲ ਅੰਗਿਆਰਿਆਂ ਵਾਂਗ ਭਖ ਗਈਆਂ, ਮੂੰਹ ਕ੍ਰੋਧ ਦੇ ਨਾਲ ਲਾਲ ਸੁਰਖ ਹੋ ਗਿਆ, ਛਾਤੀ ਧੜਕਨ ਲਗ ਪਈ, ਪਰ ਗਲਾ ਰੁਕ ਗਿਆ ਤੇ ਕੁਝ ਬੋਲ ਨਾ ਸਕਿਆ। ਜੇ ਸਤੀਸ਼ ਇਕ ਅੱਖਰ ਵੀ ਹੋਰ ਮੂੰਹੋਂ ਕੱਢਦਾ ਤਾਂ ਖਬਰੇ ਜੰਗਲੀ ਬਿੱਲੀ ਵਾਂਗ ਉਸ ਉਤੇ ਟੁੱਟ ਹੀ ਪੈਂਦਾ ਤੇ ਪੰਜੇ ਦੀ ਥਾਂ ਨਹੁੰ ਹੀ ਵਰਤ ਲੈਂਦਾ।

ਕੀਰਾਂ ਨੂੰ ਇਹ ਵੇਖ ਕੇ ਵੱਡਾ ਦੁਖ ਹੋਇਆ ਤੇ ਮੁੰਡੇ ਨੂੰ ਵੱਖਰੇ ਕਮਰੇ ਵਿਚ ਲਿਜਾ ਕੇ ਪਿਆਰ ਨਾਲ ਆਖਿਆ, "ਨੀਲ! ਜੇ ਕਦੇ ਸੱਚ ਮੁੱਚ ਤੂੰ ਹੀ ਉਹ ਦਵਾਤ ਲੀਤੀ ਹੈ ਤਾਂ ਮੈਨੂੰ ਝਟ ਪਟ ਦੇ ਦੇਹ, ਮੈਂ ਜ਼ਿਮੇਂਵਾਰ ਹਾਂ, ਜੋ ਕਿਸੇ ਨੂੰ ਇਸ ਗਲ ਦਾ ਪਤਾ ਵੀ ਨਹੀਂ ਲੱਗੇਗਾ। ਮੋਟੇ ੨ ਅੱਥਰੂ ਨੇਤਰਾਂ ਵਿਚੋਂ ਨਿਕਲਕੇ ਮੁੰਡੇ ਦੀਆਂ ਗੱਲ੍ਹਾਂ ਉਤੇ ਵਗ ਟੁਰੇ ਤੇ ਦੋਵੇਂ ਹੱਥਾਂ ਨਾਲ ਆਪਣੇ ਮੁਖ ਨੂੰ ਢੱਕ ਕੇ ਉਹ ਢਾਂਹ ਮਾਰ ਕੇ ਰੋਣ ਲਗ ਪਿਆ। ਬਸ ਕੀਰਾਂ ਨੂੰ ਪੱਕਾ ਨਿਸਚਾ ਹੋ ਗਿਆ ਤੇ ਕਮਰੇ ਵਿਚੋਂ ਬਾਹਰ ਆ ਕੇ ਆਖਣ ਲੱਗੀ- "ਮੈਨੂੰ ਪੂਰਾ ਨਿਸਚਾ ਹੈ ਜੋ ਇਹ ਦਵਾਤ ਨੀਲਕੰਤਾ ਨੇ ਨਹੀਂ ਲਈ"। ਦੂਜੇ ਪਾਸੇ ਸ਼ਰਤ ਤੇ ਸਤੀਸ਼ ਆਪਣੀ ਗੱਲ ਉਤੇ ਅੜੇ ਹੋਏ ਸਨ ਤੇ ਕਹਿੰਦੇ ਸਨ ਜੋ ਉਸ ਦੇ ਬਿਨਾਂ ਇਹ ਹੋਰ ਕਿਸੇ ਦਾ ਕੰਮ ਹੀ ਨਹੀਂ। ਸ਼ਰਤ ਵਕੀਲਾਂ ਵਾਂਗ ਮੁੰਡੇ ਤੇ ਜਿਰਹਾ ਕਰ ਕੇ ਫਿਰ ਪੁਛ ਗਿਛ ਕਰਨਾ ਚਾਹੁੰਦਾ ਸੀ, ਪਰ ਕੀਰਾਂ ਨੇ ਇਸ ਕੰਮ ਤੋਂ ਰੋਕ ਦਿਤਾ। ਫਿਰ ਉਨ੍ਹਾਂ ਨੇ ਸਲਾਹ ਕੀਤੀ, ਜੋ ਉਸ ਦੀ ਕੋਠੜੀ ਤੇ ਬਕਸ ਦੀ ਤਲਾਸ਼ੀ ਲੀਤੀ ਜਾਵੇ, ਪਰ ਕੀਰਾਂ ਨੇ ਸਾਫ਼ ਸਾਫ਼ ਸੁਣਾ ਦਿਤਾ, "ਜੇ ਕਦੇ ਤੁਸਾਂ ਨੇ ਇਹ ਕੰਮ ਕੀਤਾ, ਤਾਂ ਜੀਂਦੇ ਜੀ ਮੈਂ ਤੁਹਾਨੂੰ ਖ਼ਿਮਾਂ ਨਹੀਂ ਕਰਾਂਗੀ। ਗ਼ਰੀਬ ਬੇਦੋਸ਼ੇ ਮੁੰਡੇ ਦੀ ਇਸਤਰ੍ਹਾਂ ਮੈਂ ਤਲਾਸ਼ੀ ਨਹੀਂ ਲੈਣ ਦੇਵਾਂਗੀ"। ਇਹ ਗਲ ਆਖਦੇ ਹੀ ਉਸ ਦੇ ਨੇਤਰਾਂ ਨਾਲ ਜਲ ਆ ਗਿਆ, ਬਸ ਇਹ ਵੇਖ ਕੇ ਫਿਰ ਕਿਸੇ ਨੂੰ ਹੀਆ ਨਾ ਪਿਆ ਜੋ ਮੁੰਡੇ ਨੂੰ ਹੋਰ ਤੰਗ ਕਰੇ।

-੪੪-