ਪੰਨਾ:ਦਸ ਦੁਆਰ.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਤਾ ਲੱਗਦਾ ਕਿ ਕੋਈ ਗ਼ਰੀਬ ਲੋੜਵੰਦ ਸ਼ਾਈਲਾਕ ਕੋਲੋਂ ਕਰਜ਼ਾ ਲੈਣ ਜਾ ਰਿਹਾ ਹੈ ਤਾਂ ਉਹ ਉਸ ਨੂੰ ਆਪਣੇ ਕੋਲ ਸਦਵਾ ਕੇ ਬਿਨਾਂ ਵਿਆਜ ਕਰਜ਼ਾ ਦੇ ਕੇ ਉਸ ਦੀ ਲੋੜ ਨੂੰ ਪੂਰਾ ਕਰ ਦੇਂਦਾ ਸੀ। ਸਿੱਟਾ ਇਹ ਨਿਕਲਿਆ, ਜੋ ਸ਼ਾਈਲਾਕ ਉਸ ਦਾ ਜਾਨੀ ਵੈਰੀ ਬਣ ਗਿਆ, ਉਹ ਸਦਾ ਇਹੋ ਸੋਚਦਾ ਰਹਿੰਦਾ ਸੀ ਕਿ ਕਦੋਂ ਕਿਧਰੇ ਇਹ ਕਾਬੂ ਆਵੇ ਤੇ ਮੈਂ ਇਸ ਨੂੰ ਸਵਾਦ ਚਖਾਵਾਂ, ਜੋ ਕਿਵੇਂ ਕਿਸੇ ਦੇ ਰਾਹ ਵਿਚ ਰੋੜਾ ਅਟਕਾਈਦਾ ਹੈ।

੨.

ਇਕ ਰੋਜ਼ ਐਨਤੋਨੀਊ ਦੇ ਕੋਲ ਉਸ ਦਾ ਪਿਆਰਾ ਮਿੱਤਰ ਬਸੈਨੀਊ ਆਇਆ। ਉਸ ਨੂੰ ਉਦਾਸ ਵੇਖ ਕੇ ਐਨਤੋਨੀਊ ਨੇ ਕਾਰਨ ਪੁਛਿਆ ਤਾਂ ਉਸ ਨੇ ਉੱਤਰ ਦਿੱਤਾ, “ਬੈਲਮੌਂਟ ਨਗਰ ਵਿਚ ਇਕ ਅਮੀਰ ਸੁੰਦਰੀ ਪੋਰਸ਼ੀਆ ਰਹਿੰਦੀ ਹੈ, ਜਿਸ ਦੇ ਮਕਾਨ ਦੇ ਅੰਦਰ ਤਿੰਨ ਸੰਦੂਕਾਂ ਪਈਆਂ ਹਨ, ਜਿਨ੍ਹਾਂ ਵਿਚੋਂ ਇਕ ਵਿਚ ਉਸ ਦੀ ਤਸਵੀਰ ਹੈ।। ਉਸ ਦੇ ਪਿਤਾ ਦੀ ਵਸੀਅਤ ਦੇ ਮੂਜਬ ਉਹ ਪੁਰਸ਼ ਪੋਰਸ਼ੀਆ ਨਾਲ ਵਿਆਹ ਕਰ ਕੇ ਉਸ ਦੀ ਸਾਰੀ ਜਾਇਦਾਦ ਦਾ ਮਾਲਕ ਹੋਵੇਗਾ, ਜੇੜ੍ਹਾ ਉਸ ਸੰਦੂਕ ਨੂੰ ਚੁਣ ਸਕੇਗਾ ਜਿਸ ਦੇ ਅੰਦਰ ਉਸ ਦੀ ਤਸਵੀਰ ਰਖੀ ਹੈ। ਮੈਂ ਚਾਹੁੰਦਾ ਹਾਂਂ ਜੋ ਮੈਂ ਵੀ ਉਥੇ ਜਾ ਕੇ ਕਿਸਮਤ ਅਜ਼ਮਾਵਾਂ, ਕੀ ਪਤਾ ਮੇਰੇ ਹੀ ਸੁਤੇ ਨਸੀਬ ਜਾਗ ਪੈਣ। ਪ੍ਰੰਤੂ ਕਲੇਸ਼ ਇਹ ਹੈ ਜੋ ਮੇਰਾ ਸਾਰਾ ਰੁਪਿਆ ਖ਼ਰਚ ਹੋ ਚੁਕਾ ਹੈ ਤੇ ਇਸ ਵੇਲੇ ਮੇਰੇ ਕੋਲ ਇਕ ਕੌਡੀ ਵੀ ਨਹੀਂ। ਰੁਪਏ ਬਿਨਾਂ ਮੈਂ ਨਾ ਹੀ ਉਥੇ ਪੁਜ ਸਕਦਾ ਹਾਂ ਤੇ ਨਾ ਹੀ ਅਮੀਰੀ ਠਾਠ ਬਿਨਾਂ ਉਸ ਦਰ ਦੇ ਅੰਦਰ ਪੈਰ ਰਖ ਸਕਦਾ ਹਾਂ। ਕੀ ਤੁਸੀਂ ਮੇਰੀ ਕੋਈ ਸਹਾਇਤਾ ਕਰ ਸਕਦੇ ਹੋ?

ਐਨਤੋਨੀਊ- ਕਿਤਨੀ ਕੁ ਰਕਮ ਦੀ ਲੋੜ ਜੇ?

ਬਸੈਨੀਊ- ਤਿੰਨ ਹਜ਼ਾਰ!

-੬੬-