ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/76

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੋਰਸ਼ੀਆ ਨੇ ਪੁੱਜਦੇ ਹੀ ਜੱਜ ਨੂੰ ਆਪਣੇ ਸੰਬੰਧੀ ਦੀ ਚਿੱਠੀ ਦਿਤੀ, ਜਿਸ ਵਿਚ ਲਿਖਿਆ ਹੋਇਆ ਸੀ ਕਿ ਐਨਤੋਨੀਊ ਵਲੋਂ ਮੈਂ ਆਪ ਪੈਰਵੀ ਕਰਨਾ ਚਾਹੁੰਦਾ ਸਾਂ, ਪ੍ਰੰਤੂ ਇਕ ਜ਼ਰੂਰੀ ਕੰਮ ਕਰਕੇ ਹਾਜ਼ਰ ਨਹੀਂ ਹੋ ਸਕਦਾ, ਇਸ ਲਈ ਆਪਣੀ ਥਾਂ ਬੈਲਮੌਂਟ ਦੇ ਇਕ ਨੌਜਵਾਨ ਵਕੀਲ ਨੂੰ ਭੇਜਦਾ ਹਾਂ, ਜਿਹੜਾ ਵੱਡਾ ਹੀ ਸਿਆਣਾ ਹੈ।

ਜੱਜ ਪੋਰਸ਼ੀਆ ਦੀ ਉਮਰ ਨੂੰ ਵੇਖ ਕੇ ਵਡਾ ਹੈਰਾਨ ਹੋਇਆ, ਪ੍ਰੰਤੂ ਉਸ ਨੂੰ ਰਤੀ ਵੀ ਸ਼ੁਭਾ ਨਾ ਹੋਇਆ ਜੋ ਇਹ ਵਕੀਲ ਇਕ ਤੀਵੀਂ ਹੈ ਤੇ ਨਾ ਹੀ ਬਸੈਨੀਊ ਆਪਣੀ ਇਸਤ੍ਰੀ ਨੂੰ ਪਹਿਚਾਣ ਸਕਿਆ। ਮਿੱਤਰ ਦੀ ਮੁਸੀਬਤ ਤੇ ਕਲੇਸ਼ ਨੇ ਉਸ ਦੀ ਹੋਸ਼ ਹੀ ਭੁਲਾ ਛਡੀ ਸੀ।

੫.

ਪੋਰਸ਼ੀਆ ਨੇ ਮੁਕੱਦਮੇ ਦੀ ਮਿਸਲ ਨੂੰ ਵੇਖ ਕੇ ਆਖਿਆ, "ਮੁਕੱਦਮਾ ਸਾਫ਼ ਹੈ, ਇਸ ਰੁੱਕੇ ਮੂਜਬ ਸ਼ਾਈਲਾਕ ਨੂੰ ਪੂਰਾ ਪੂਰਾ ਹੱਕ ਹੈ ਕਿ ਈਸਾਈ ਬਿਉਪਾਰੀ ਦੀ ਛਾਤੀ ਤੋਂ ਅੱਧ ਸੇਰ ਮਾਸ ਕਟ ਲਵੇ, ਪ੍ਰੰਤੂ ਇਹ ਮਾਸ ਉਸ ਦੇ ਕਿਸੇ ਕੰਮ ਦਾ ਨਹੀਂ, ਇਸ ਲਈ ਮੈਂ ਬਿਨੇ ਕਰਦਾ ਹਾਂ ਜੋ ਉਹ ਐਨਤੋਨੀਊ ਤੇ ਦਇਆ ਕਰੇ ਤੇ ਆਪਣੀ ਪੂਰੀ ਰਕਮ ਵਸੂਲ ਕਰਕੇ ਉਸ ਦੀ ਜਾਨ ਬਖਸ਼ ਦੇਵੇ।”

ਬਸੈਨੀਊ ਨੇ ਝਟ ਪਟ ਆਖਿਆ, "ਮੈਂ ਦੂਣੀ ਰਕਮ ਭਰਨ ਨੂੰ ਤਿਆਰ ਹਾਂ", ਪਰ ਸ਼ਾਈਲਾਕ ਗੱਲ ਟੁਕ ਕੇ ਬੋਲਿਆਂ, "ਸਿਵਾਏ ਅੱਧ ਸੇਰ ਮਾਸ ਦੇ ਮੈਂ ਤਾਂ ਹੋਰ ਕੁਝ ਵੀ ਨਹੀਂ ਲੈਣਾ।"

ਪੋਰਸ਼ੀਆ ਨੇ ਸ਼ਾਈਲਾਕ ਨੂੰ ਸੰਬੋਧਨ ਕਰ ਕੇ ਆਖਿਆ :-

ਜੇ ਕੌਸਰ ਤੇ ਜ਼ਮਜ਼ਮ ਦੇ ਚਾਹਵੇਂ ਫਵਾਰੇ!

ਜੇ ਚਾਹਵੇਂ ਸ੍ਵਰਗਾਂ ਦੇ ਖੁਲ੍ਹੇ ਦਵਾਰੇ!

ਜੇ ਚਾਹਵੇਂ ਕਿ ਚਰਨਾਂ ਨੂੰ ਪੂਜਣ ਫ਼ਰਿਸ਼ਤੇ!

ਤੇ ਅੰਮ੍ਰਿਤ ਵਸਾ ਦੇਣ ਅੰਬਰ ਦੇ ਤਾਰੇ!

-੭੨-