ਕੁਛ ਨਾ ਪੁਛੋ, ਡਾਢਾ ਦੁਖੀ ਤੇ ਹੈਰਾਨ ਸੀ, ਸ਼ਾਇਦ ਪਿਆ ਸੋਚਦਾ ਸੀ ਹੁਣ ਕੀ ਕਰੇਗਾ? ਭੁਖਾ ਮਰਨਾ ਪਵੇਗਾ, ਐਨਤੋਨੀਊ ਨੂੰ ਮਾਰਨਾ ਚਾਹੁੰਦਾ ਸੀ ਪਰ ਇਹ ਪਤਾ ਨਹੀਂ ਸੀ ਜੋ ਆਪਣੀ ਬਰਬਾਦੀ ਦੇ ਦਿਨ ਹੀ ਆ ਗਏ ਹਨ। ਸਚ ਹੈ ਜੇਹੜਾ ਕਿਸੇ ਲਈ ਟੋਆ ਪੁਟਦਾ ਹੈ ਉਸ ਲਈ ਖੂਹ ਤਿਆਰ ਹੁੰਦਾ ਹੈ, ਪ੍ਰੰਤੂ ਐਨਤੋਨੀਊ ਨੇ ਤਰਸ ਖਾ ਕੇ ਆਖਿਆ, “ਤੇਰੀ ਅੱਧੀ ਜਾਇਦਾਦ ਜਿਹੜੀ ਕਾਨੂੰਨ ਨੇ ਮੈਨੂੰ ਦਿਵਾਈ ਹੈ ਮੈਂ ਤੈਨੂੰ ਇਸ ਸ਼ਰਤ ਤੇ ਦੇਣ ਨੂੰ ਤਿਆਰ ਹਾਂ ਜੋ ਤੇਰੇ ਮਰਨ ਮਗਰੋਂ ਸਾਰੀ ਜਾਇਦਾਦ ਤੇ ਤੇਰੀ ਧੀ ਤੇ ਜਵਾਈ ਦਾ ਹੱਕ ਹੋਵੇ।"
ਇਹ ਸੁਣ ਕੇ ਸ਼ਾਈਲਾਕ ਵਡਾ ਘਾਬਰਿਆ, ਕਿਉਂ ਜੋ ਉਸ ਦੀ ਧੀ ਨੇ ਉਸ ਤੋਂ ਚੋਰੀ ਇਕ ਈਸਾਈ ਨਾਲ ਵਿਆਹ ਕਰ ਲੀਤਾ ਸੀ, ਜਿਸ ਲਈ ਸ਼ਾਈਲਾਕ ਨੇ ਫ਼ੈਸਲਾ ਕੀਤਾ ਹੋਇਆ ਸੀ, ਕਿ ਆਪਣੀ ਜਾਇਦਾਦ ਵਿਚੋਂ ਇਕ ਫੁਟੀ ਕੌਡੀ ਵੀ ਧੀ ਨੂੰ ਨਹੀਂ ਦੇਵਾਂਗਾ। ਪ੍ਰੰਤੂ ਹੁਣ ਮਰਦਾ ਕੀ ਨਾ ਕਰਦਾ, ਕਾਨੂੰਨ ਦੀ ਫੇਟ ਵਿਚ ਆ ਗਿਆ ਸੀ ਤੇ ਉਸ ਨੂੰ ਬਚਾਉਣ ਦੀ ਹੁਣ ਕਿਸੇ ਵਿਚ ਵੀ ਤਾਕਤ ਨਹੀਂ ਸੀ। ਲਾਚਾਰ ਉਸ ਨੇ ਇਹ ਸ਼ਰਤ ਮੰਨ ਲਈ ਤੇ ਲਹੂ ਦੇ ਹੰਝੂ ਕੇਰਦਾ ਘਰ ਮੁੜਿਆ।
੬.
ਇਸ ਦੇ ਮਗਰੋਂ ਐਨਤੋਨੀਊ ਨੇ ਤੇ ਬਸੈਨੀਊ ਨੇ ਪੋਰਸ਼ੀਆਂ ਨੂੰ ਜਿਸ ਨੂੰ ਅਜੇ ਤੋੜੀ ਉਨ੍ਹਾਂ ਨੇ ਪਛਾਣਿਆ ਨਹੀਂ ਸੀ, ਫ਼ੀਸ ਦੇਣੀ ਚਾਹੀ, ਪ੍ਰੰਤੂ ਉਸ ਨੇ ਆਖਿਆ, “ਮੈਂ ਤਾਂ ਇਕ ਪੈਸਾ ਵੀ ਨਹੀਂ ਲਵਾਂਗਾ, ਮੇਰੀ ਫ਼ੀਸ ਆ ਗਈ ਜਦ ਮੈਂ ਇਕ ਬੇਗੁਨਾਹ ਛੁਡਾ ਲੀਤਾ ਹੈ।" ਜਦੋਂ ਉਨ੍ਹਾਂ ਨੇ ਬਹੁਤ ਹੀ ਹਠ ਕੀਤਾ ਤਾਂ ਪੋਰਸ਼ੀਆ ਨੇ ਆਖਿਆ, “ਜੇ ਕਦੀ ਤੁਸੀਂ ਨਹੀਂ ਛਡਦੇ ਤਾਂ ਇਹ ਆਪਣੇ ਹਥ ਦੀ ਅੰਗੂਠੀ ਆਪਣੀ ਨਿਸ਼ਾਨੀ ਵਜੋਂ ਦੇ ਦਿਓ, ਹੋਰ ਕੋਈ ਫ਼ੀਸ ਮੈਂ ਨਹੀਂ ਲੈਣੀ।”
-੭੬-