ਬਸੈਨੀਊ ਹੋਰ ਸਭ ਕੁਝ ਤਾਂ ਦੇ ਸਕਦਾ ਸੀ ਪਰ ਇਹ ਅੰਗੂਠੀ ਉਸ ਦੀ ਵਹੁਟੀ ਦੀ ਨਿਸ਼ਾਨੀ ਸੀ ਤੇ ਉਸ ਨੇ ਵਿਆਹ ਵੇਲੇ ਇਕਰਾਰ ਕੀਤਾ ਸੀ ਜੋ ਇਸ ਤੋਂ ਕਦੇ ਨਹੀਂ ਵਿਛੜੇਗਾ, ਇਸ ਲਈ ਉਸ ਦਾ ਦਿਲ ਡੋਲ ਗਿਆ ਤੇ ਉਸ ਨੇ ਨੌਜਵਾਨ ਵਕੀਲ ਨੂੰ ਆਖਿਆ, “ਤੁਸੀਂ ਇਹ ਨਾ ਮੰਗੋ, ਇਹ ਮੇਰੀ ਵਹੁਟੀ ਦੀ ਨਿਸ਼ਾਨੀ ਹੈ, ਵੈਨਿਸ ਵਿਚੋਂ ਵਧੀਆ ਤੋਂ ਵਧੀਆ ਅੰਗੂਠੀ ਖ਼ਰੀਦ ਕੇ ਦੇ ਸਕਦਾ ਹਾਂ, ਹੋਰ ਜੋ ਕੁਝ ਚਾਹੋ, ਤੁਹਾਡੀ ਭੇਟਾ ਕਰਨ ਨੂੰ ਤਿਆਰ ਹਾਂ, ਪਰ ਇਸ ਤੋਂ ਖਿਮਾ ਕਰੋ।"
ਪੋਰਸ਼ੀਆ ਨੇ ਵਿਗੜ ਕੇ ਆਖਿਆ, "ਸੁਥਰੀ ਕੀਤੀ ਜੇ, ਜਦੋਂ ਮੈ ਕੁਝ ਨਹੀਂ ਲੈਂਦਾ ਸੀ ਤਾਂ ਤੁਸੀਂ ਮੇਰੇ ਪਿਛੇ ਹੀ ਪੈ ਗਏ ਸੀ, ਹੁਣ ਜਦੋਂ ਮੈਨੂੰ ਮੰਗਤਾ ਬਣਾ ਚੁੱਕੇ ਹੋ ਤਾਂ ਬਹਾਨੇ ਕਰਨ ਲਗ ਪਏ ਹੋ। ਜੇ ਕੁਝ ਦੇਣਾ ਜੇ ਤਾਂ ਇਹ ਅੰਗੂਠੀ ਦੇ ਜਾਓ, ਨਹੀਂ ਤਾਂ ਮੈਂ ਕੁਝ ਵੀ ਨਹੀਂ ਲੈਂਦਾ।" ਇਹ ਆਖ ਪੋਰਸ਼ੀਆ ਅਗੇ ਟੁਰ ਪਈ। ਅਖ਼ੀਰ ਐਨਤੋਨੀਊ ਨੇ ਬਸੈਨੀਊ ਨੂੰ ਆਖਿਆ, "ਮਾਮੂਲੀ ਗਲ ਹੈ, ਜੇ ਉਹ ਜ਼ਿਦ ਕਰ ਹੀ ਬੈਠਾ ਹੈ ਤਾਂ ਇਹੋ ਹੀ ਦੇ ਦਿਓ। ਵਹੁਟੀ ਨੂੰ ਜਦੋਂ ਦਸੋਗੇ ਜੋ ਤੁਸਾਂ ਨੇ ਕਿਸ ਪੁਰਸ਼ ਨੂੰ ਕਿਸ ਸੇਵਾ ਬਦਲੇ ਦਿਤੀ ਹੈ, ਤਾਂ ਉਹ ਕਦਾਚਿਤ ਨਾਰਾਜ਼ ਨਹੀਂ ਹੋਵੇਗੀ।"
ਲਾਚਾਰ ਬਸੈਨੀਊ ਨੇ ਉਹ ਅੰਗੂਠੀ ਪੋਰਸ਼ੀਆ ਨੂੰ ਦੇ ਦਿਤੀ ਤੇ ਉਸ ਨੇ ਖ਼ੁਸ਼ੀ ਖ਼ੁਸ਼ੀ ਬਲਮੌਂਟ ਵਲ ਕੂਚ ਕੀਤਾ, ਜਿਥੇ ਪੁਜ ਕੇ ਵਕੀਲਾਂ ਦੀ ਪੁਸ਼ਾਕ ਉਤਾਰ ਉਹ ਮੁੜ ਨੌਜਵਾਨ ਪੋਰਸ਼ੀਆਂ ਬਣ ਗਈ। ਇਕ ਰੋਜ਼ ਮਗਰੋਂ ਐਨਤੋਨੀਊ ਤੇ ਬਸੈਨੀਊ ਵੀ ਬਲਮੌਂਟ ਪੁਜ ਗਏ ਤੇ ਪੋਰਸ਼ੀਆ ਨੇ ਬੜੇ ਪਿਆਰ ਨਾਲ ਉਨ੍ਹਾਂ ਦੀ ਆਉ ਭਗਤ ਕੀਤੀ, ਪ੍ਰੰਤੂ ਬਸੈਨੀਊ ਦਿਲੋਂ ਡਰਦਾ ਸੀ ਜੋ ਜੇ ਕਦੇ ਪੋਰਸ਼ੀਆ ਨੇ ਅੰਗੂਠੀ ਸਬੰਧੀ ਪੁਛ ਗਿਛ ਕੀਤੀ, ਤਾਂ ਕੀ ਉੱਤਰ ਦੇਵੇਗਾ?
ਦੋਵੇਂ ਮਿੱਤਰ ਤੇ ਪੋਰਸ਼ੀਆ ਬੈਠੇ ਹੋਏ ਗਲਾਂ ਕਰ ਰਹੇ ਸਨ
-੭੭-