ਪੰਨਾ:ਦਿਲ ਹੀ ਤਾਂ ਸੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਤਾਣੀ ਹੈ। ਇਸ ਦੀ ਹਰ ਤੰਦ ਇੱਕ ਇੱਕ ਜ਼ਿੰਦਗੀ ਹੈ। ਉਸ ਹੌਲੀ ਹੌਲੀ ਆਪਣੀ ਜ਼ਿੰਦਗੀ ਦੀ ਤੰਦ ਨੂੰ ਲੱਭਣਾ ਸ਼ੁਰੂ ਕੀਤਾ। ਉਸ ਦੀਆਂ ਪੰਜਾਹ ਸਾਲ ਬੁੱਢੀਆਂ ਉਗਲਾਂ ਇੱਕ ਮਹੀਨ ਜਿਹੀ ਤੰਦ ਤੇ ਜਾ ਟਿਕੀਆਂ। ਉਹ ਕਿਸੇ ਨਿੱਕੇ ਜਹੇ ਬਾਲ ਦੀ ਤੜਾਗੀ ਵਾਂਗ ਸੀ। "ਬੱਚਪਨ ਹਮੇਸ਼ਾ ਸੁਹਣਾ ਹੁੰਦਾ ਹੈ" ਉਸਨੇ ਅੱਖਾਂ ਮੀਟ ਲਈਆਂ ਅਤੇ ਹੁਣ ਉਹ ਅਜਿਹੀ ਦੁਨੀਆਂ ਵਿੱਚ ਸੀ ਜਿੱਥੇ ਪਰੀਆਂ ਦੇ ਬਾਗ ਹਨ, ਛੋਟੇ ਛੋਟੇ ਬੱਚੇ ਝੂਲਣੇ ਝੂਟਦੇ ਹਨ, ਸਾਰੇ ਬਾਗ ਦੇ ਪੌਦਿਆ ਨਾਲ ਡੋਡੀਆਂ ਹੀ ਡੋਡੀਆਂ ਲੱਗੀਆਂ ਹੋਈਆਂ ਹਨ। ਦੂਰ ਪਹਾੜਾਂ ਵਲੋਂ ਇੱਕ ਸੋਨੇ ਵੰਨੀ ਕਿਰਨ ਫੁੱਟੀ ਹੈ। ਮੁਟਿਆਰਾਂ ਘੜੇ ਸਿਰਾਂ ਤੇ ਰੱਖ ਛੋਟੇ ਚਸ਼ਮੇ ਵੱਲ ਚਲੀਆਂ ਹਨ। ਇੱਕ ਬੱਕਰੀ ਨੇ ਛੋਟਾ ਜਿਹਾ ਕੂਲਾ ਕੂਲਾ ਗਿੱਲਾ ਜਿਹਾ ਲੇਲਾ ਦਿੱਤਾ ਹੈ। ਕਿੰਨਾ ਚਿਰ ਉਹ ਇਸ ਸੁਪਨੇ ਵਿੱਚ ਗੁੰਮ ਰਿਹਾ, ਪਰ ਅਜਿਹੇ ਸੁਪਨਿਆਂ ਦੀ ਉਮਰ ਬੜੀ ਘੱਟ ਹੁੰਦੀ ਹੈ। ਅਚਾਨਕ ਉਸ ਮਹਿਸੂਸ ਕੀਤਾ ਕਿ ਤਾਣੀ ਆਪਣੀ ਥਾਂ ਤੋਂ ਦੌੜ ਰਹੀ ਹੈ ਅਤੇ ਉਸ ਖੱਡੀ ਦਾ ਮੁਹੀਤ ਹਰ ਘੜੀ ਤੰਗ ਹੁੰਦਾ ਜਾ ਰਿਹਾ ਹੈ। ਪਰ ਏਹ ਕੁਝ ਵੀ ਨਹੀਂ ਸੀ, ਏਹ ਸ਼ਰਾਬ ਦਾ ਅਸਰ ਸੀ। ਸ਼ਰਾਬ ਦੀ ਯਾਦ ਆਉਂਦਿਆਂ ਹੀ ਉਸਨੂੰ ਆਪਣੇ ਬਾਪ ਦੀਆਂ ਸਾਰੀਆਂ ਨਸੀਹਤਾਂ ਯਾਦ ਆ ਗਈਆਂ। ਉਸਦਾ ਬਾਪ ਇੱਸੇ ਸ਼ਹਿਰ ਵਿੱਚ ਨਿੱਕੀ ਜਿੱਹੀ ਕਰਿਆਨੇ ਦੀ ਹੱਟੀ ਦਾ ਮਾਲਕ ਸੀ। ਇੱਕ ਦਿਨ, ਚੂਨੀ ਜਦੋਂ ਦਸਵੀਂ ਵਿੱਚ ਪੜ੍ਹਦਾ ਸੀ, ਛੁਟੀਆਂ ਦੇ ਦਿਨ ਸਨ, ਚੂਨੀ ਵੀ ਦੁਕਾਨ ਤੇ ਸੀ ਤੇ ਸਕੂਲ ਦਾ ਮਾਸਟਰ ਵੀ ਸੌਦਾ ਲੈਣ ਲਈ ਆਇਆ ਸੀ ਤਾਂ ਉਸਨੇ ਚੂਨੀ ਦੇ ਮਾਸਟਰ ਕੋਲ ਸ਼ਕਾਇਤ ਲਾਈ ਸੀ ਕਿ-

- ੧੨੨ -