ਪੰਨਾ:ਦਿਲ ਹੀ ਤਾਂ ਸੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ, ਆਹ ਇੱਕ ਲੰਗੋਟੀ ਸਾਂਈ ਚਾਚੇ ਨੇ ਦਿੱਤੀ ਸੀ। ਮੈਂ ਪੈਰਾਂ ਤੋਂ ਨੰਗਾ ਹਾਂ, ਮੇਰੇ ਪੈਰਾਂ ਵਿੱਚ ਸੌ ਹਜ਼ਾਰ ਕੰਡੇ ਨੇ.....ਮਾਂ, ਮੈਨੂੰ ਜੁਤੀ ਲੈ ਦੇ ਮੈਨੂੰ ਬੁਥੇ ਵਜਦੇ ਨੇ......ਜਿਨ੍ਹਾਂ ਸਰਦਾਰਾਂ ਦਾ ਤੂੰ ਸਾਰੀ ਉਮਰ ਗੋਹਾ ਸੁਟਦੀ ਰਹੀ ਏਂ ਉਹ ਮੈਨੂੰ ਰੋਟੀ ਵੀ ਨਹੀਂ ਦਿੰਦੇ। ਸਵੇਰੇ ਸਵੱਖਤੇ ਜੋ ਮੱਝਾਂ ਛੱਡ ਕੇ ਨਾ ਖੜਾਂ ਤੇ ਸਰਦਾਰ ਮਾਰਦਾ ਤੇ ਸਰਦਾਨੀ ਆਖਦੀ ਏ ਰੋਟੀ ਦੱਸ ਵਜੇ ਮਿਲੂਗੀ। ਮਾਂ, ਮੈਂ ਰੋਜ਼ ਭੁਖਾ ਈ ਮਾਲ ਚਾਰਦਾ ਰਹਿੰਨਾ। ਦੋਵੇਂ ਵੇਲੇ ਮਾਂ ਮੈਨੂੰ ਲਵੇਰੀਆਂ ਚੁਆਣੀਆਂ ਪੈਂਦੀਆਂ ਨੇ। ਮੀਣੀ ਝੋਟੀ ਦਾ ਕੱਟਾ ਮੈਥੋਂ ਤਕੜਾ ਹੋ ਗਿਆ ਮਾਂ, ਮੈਥੋਂ ਬੰਨ੍ਹਿਆਂ ਨਹੀਂ ਜਾਂਦਾ। ਵੱਡੀ ਖੜੱਪੜ ਰੋਜ਼ ਖੁਲ੍ਹ ਕੇ ਕਟੀ ਨੂੰ ਲਿਹਾ ਜਾਂਦੀ ਏ ਮੈਨੂੰ ਮਾਰ ਖਾਣੀ ਪੈਂਦੀ ਏ। ਬੂਰਾ ਝੋਟਾ ਮਾਰਣ ਲੱਗ ਪਿਆ ਏ ਤੇ ਕੱਲ ਮੈਨੂੰ-ਸਿੰਗਾਂ ਤੇ ਚੁਕ ਕੇ ਬੁੜ੍ਹਕਾ ਕੇ ਮਾਰਿਆ, ਮੈਂ ਮਰ ਈ ਚਲਿਆਂ ਸਾਂ ਮਾਂ........ਮੈਂ ਇਹੋ ਗੱਲ ਜਾਕੇ ਵੱਡੇ ਸਰਦਾਰ ਨੂੰ ਦੱਸੀ, ਉਸ ਉਲਟਾ ਮੈਨੂੰ ਫੈਂਟ ਸੁੱਟਿਆ ਤੇ ਕਹਿਣ ਲੱਗਾ 'ਤੂੰ ਹਰਾਮ ਦਿਆ ਝੋਟੇ ਨੂੰ ਮਾਰਨ ਗਿਝਾ ਦਿੱਤਾ ਹੈ।' ਮਾਂ ਮੈਥੋਂ ਹੁਣ ਰੋਜ਼ ਮਾਰ ਨਹੀਂ ਖਾਧੀ ਜਾਂਦੀ, ਮੈਥੋਂ ਰੋਜ਼ ਭੁਖ ਨਹੀਂ ਕੱਟੀ ਜਾਂਦੀ। ਮਾਂ ਮੇਰੀ ਮਦਦ ਕਰ ਮਾਂ........ਨਹੀਂ ਤਾਂ ਮੈਨੂੰ ਵੀ ਆਪਣੇ ਕੋਲ ਹੀ ਸੱਦ ਲੈ ਮਾਂ.....ਮਾਂ....... ਮਾਂ....."

ਤੇ ਧੜਮ ਕਰਕੇ ਮਾਂ ਦੀ ਮੜ੍ਹੀ ਤੇ ਡਿਗ ਪਿਆ। ਸਾਈਂ ਨੇ ਭੱਜਕੇ ਚੁਕਿਆ..., “ਬ੍ਹੰਸਿਆ ਤੂੰ ਕਮਲਾ ਤੇ ਨਹੀਂ ਹੋ ਗਿਆ?"

"ਨਹੀਂ ਚਾ...ਚ...ਚਾ...ਸਾਂਈਂ ਬਾਬੇ ਸੁੱਧੇ ਨੇ ਮੈਨੂੰ ਬਾਤ ਸੁਣਾਈ ਸੀ।" ਬ੍ਹੰਸੇ ਨੇ ਆਪਣੀ ਬਾਤ ਦੁਹਰਾਂਦਿਆਂ ਕਿਹਾ,

- ੩੨ -