ਪੰਨਾ:ਦਿਲ ਹੀ ਤਾਂ ਸੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਨਾਲੋਂ ਕਿਧਰੇ ਵਧੇਰੇ ਗੰਦਾ ਹੁੰਦਾ ਹੈ।"

ਸ਼ਾਹੂਕਾਰ ਨੇ ਕਮੀਨੀਆਂ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਫੇਰ ਥੁਕ ਦਿੱਤਾ। ਸਾਰੀ ਭੀੜ ਥੂਹ ਥੂਹ ਕਰਦੀ, ਬੁੜ ਬੁੜ ਕਰਦੀ ਖਿੰਡ ਗਈ। ਬਾਬੂ ਨੇ ਬਾਬੇ ਨੂੰ ਪਿਆਰ ਭਰੀਆਂ, ਸ਼ਰਧਾ ਭਰੀਆਂ ਨਜ਼ਰਾਂ ਨਾਲ ਤੱਕਿਆ। ਕਦੇ ਕਿਸੇ ਆਪਣੇ ਭਗਵਾਨ ਨੂੰ ਵੀ ਇੰਝ ਨਹੀਂ ਤੱਕਿਆ ਹੋਣਾ। ਹੱਥ ਜੋੜ ਕੇ ਕਹਿਣ ਲੱਗਾ, “ਬਾਬਾ ਜੀ ਮੈਂ ਵੀ ਕੋਹੜੀ ਦੀ ਪਲਤ ਹਾਂ। ਉਸ ਅੰਗ ਹੀਣ ਹੱਸਤੀ ਨੇ ਮੇਰੇ ਹੱਥਾਂ ਪੈਰਾਂ ਨੂੰ ਨਰੋਇਆ ਬਣਾਇਆ ਹੈ। ਅਤੇ ਮੈਨੂੰ ਵਿਦਿਆ ਦੀ ਸ਼ਕਤੀ ਦੇ, ਉਚਾ ਹੋ ਚੱਲਣ ਦਾ ਬੱਲ ਬਖਸ਼ਿਆ ਹੈ। ਮੈਂ ਉਸਨੂੰ ਕਦੇ ਨਹੀਂ ਭੁੱਲ ਸੱਕਦਾ।"

ਬਾਬਾ ਕੁਝ ਸਮਝਿਆ ਨਾ ਅਤੇ ਅੱਖਾਂ ਨਿੱਕੀਆਂ ਕਰਕੇ ਕਹਿਣ ਲਗਾ, “ਮੈਂ ਕੁਝ ਸਮਝਿਆ ਨਹੀਂ ਪੁੱਤਰ।"

“ਬਾਬਾ ਜੀ, ਮੇਰੀ ਮਾਂ ਮੈਨੂੰ ਜੰਮਦਿਆਂ ਹੀ ਇੱਕ ਰਾਤ ਦੇ ਹਨੇਰੇ ਵਿਚ ਇੱਕ ਕੋਹੜੀ ਮੰਗਤੇ ਦੇ ਅੱਗੇ ਰੱਖਕੇ ਚਲੀ ਗਈ ਸੀ। ਉਸ ਕੋਹੜੀ ਮਨੁਖ ਨੇ ਹੀ ਮਨੁਖ ਦਾ ਆਦਰ ਕਰਦਿਆਂ, ਮੈਨੂੰ ਪਾਲਿਆ, ਪੜ੍ਹਾਇਆ ਲਿਖਾਇਆ ਅਤੇ ਏਡਾ ਕੀਤਾ ਹੈ। ਉਹ ਪੂਜਯ ਰੂਹ ਕੁਝ ਮਹੀਨੇ ਹੋਏ ਅਕਾਲ ਚਲਾਣੇ ਕਰ ਗਈ ਹੈ। ਪਰ ਮੈਂ ਜਦੋਂ ਵੀ ਕਦੇ ਅਜਿਹੀ ਰੂਹ ਨੂੰ ਤੱਕਦਾ ਹਾਂ, ਜਿਸਦਾ ਸ਼ਰੀਰ ਜ਼ਖ਼ਮਾਂ ਨਾਲ ਵਿੱਧਾ ਹੋਇਆ ਲਹੂ ਪਾਕ ਦੀ ਸੜੇਹਾਨ ਵਿੱਚ ਰੱਚਿਆ ਹੋਇਆ ਹੁੰਦਾ ਹੋਵੇ ਤਾਂ ਮੇਰਾ ਜੀ ਉਸਦੇ ਸੀਨੇ ਲਗ ਜਾਣ ਲਈ ਉਤਾਵਲਾ ਹੋ ਜਾਂਦਾ ਹੈ। ਮੈਨੂੰ ਉਸਦੇ ਅੰਦਰੋਂ ਇੱਕ ਸਵਰਗੀ ਸੁਗੰਧੀ ਆਉਂਦੀ ਹੈ ਅਤੇ ਮੈਨੂੰ ਖਿੜੀਆਂ ਬਹਾਰਾਂ ਵਿੱਚ ਲਿਆ ਸੁਟਦੀ ਹੈ। ਜਿਥੇ ਬੈਠਕੇ ਮਨੁਖ ਮਾਨਵਤਾ ਦੀਆਂ ਟੀਸੀਆਂ ਨੂੰ ਮਹਿਸੂਸ ਕਰਦਾ ਹੈ ਅਤੇ ਜੀਊਂ ਉਠਦਾ ਹੈ।”

- ੩੯ -