ਪੰਨਾ:ਦਿਲ ਹੀ ਤਾਂ ਸੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਔਰਤਾਂ ਨਾਲ ਉਹ ਵੀ ਜ਼ਿਦ ਕਰ ਕੇ ਮੇਲੇ ਚਲੀ ਗਈ ਅਤੇ ਮੇਲੇ ਵਿਚੋਂ ਉਹ ਆਪਣੀ ਬਾਂਹ ਤੇ 'ਮੇਂ ਮੇਂ' ਲਿਖਵਾ ਲਿਆਈ। ਪਹਿਲਾਂ ਉਹ ਆਪਣੀ ਬਕਰੀ ਨੂੰ 'ਮੇਂ ਮੇਂ' ਆਖਦੀ ਰਹੀ ਸੀ ਤੇ ਫਿਰ ਉਸ ਨੇ ਆਪਣਾ ਨਾਂ ਵੀ 'ਮੇਂ ਮੇਂ' ਰਖ ਲਿਆ। ਸਾਰੇ ਉਸ ਨੂੰ 'ਮੇਂ ਮੇਂ, ਮੇਂ ਮੇਂ' ਆਖਦੇ ਤੇ ਨਾਲੇ ਬੜਾ ਹਸਦੇ। ਸਾਲ ਮਗਰੋਂ ਮੇਲਾ ਫਿਰ ਆਇਆ ਤੇ ਇਸ ਵਾਰੀ ਵੀ ਉਹ ਮੇਲੇ ਚਲੀ ਗਈ ਤੇ ਮੁੜ ਨਹੀਂ ਆਈ। ਮੈਂ ਉਸ ਨੂੰ ਭਾਲਣ ਦਾ ਬੜਾ ਯਤਨ ਕੀਤਾ। ਪਰ ਮੈਂ ਉਸ ਨੂੰ ਕਿਤੇ ਵੀ ਨਾ ਲਭ ਸਕਿਆ। ਕੋਈ ਆਖਦਾ ਕਿ ਉਹ ਖੂਹ ਖਾਤੇ ਵਿਚ ਡਿਗ ਕੇ ਮਰ ਗਈ ਹੋਵੇਗੀ, ਅਤੇ ਕਿਸੇ ਇਹ ਕਿਹਾ ਕਿ ਮੇਲੇ ਵਿਚੋਂ ਉਸ ਨੂੰ ਠੱਗ ਚੁਕ ਕੇ ਲੈ ਗਏ ਹੋਣਗੇ। ਜਿੰਨੇ ਮੂੰਹ ਉੱਨੀਆਂ ਗਲਾਂ। ਦੂਜੇ ਦਿਨ ਇਸ ਖ਼ਬਰ ਨੇ ਠੱਗਾਂ ਵਾਲੀ ਗੱਲ ਨੂੰ ਸੱਚ ਕਰ ਵਿਖਾਇਆ, ਜਦੋਂ ਇਹ ਪਤਾ ਲਗਾ ਕਿ ਮੇਲੇ ਵਿਚੋਂ ਕਈ ਹੋਰ ਬਚੇ ਗੁੰਮ ਸਨ। ਉਸ ਦਿਨ ਤੋਂ ਮੈਂ ਉਸ ਨੂੰ ਅਜ ਤਕ ਲਭਦਾ ਫਿਰਦਾ ਹਾਂ, ਉਹ ਗਈ ਫਿਰ ਪਰਤੀ ਨਹੀਂ ਅਤੇ ਏਸੇ ਭਾਲ ਵਿਚ ਮੇਰੀਆਂ ਅਖਾਂ ਦੀ ਲੋ ਵੀ ਜਾਂਦੀ ਰਹੀ ਏ। ਕਲ ਜਦੋਂ ਬੇਟੀ ਨੂੰ ਆਪਣਾ ਨਾਂ 'ਮੇਂ ਮੇਂ' ਦਸਿਆ ਤਾਂ ਮੈਂ ਇਉਂ ਜਾਤਾ ਜਿਵੇਂ ਮੇਰੀ 'ਮੇਂ ਮੇਂ' ਮੈਨੂੰ ਮਿਲ ਗਈ ਹੋਵੇ।"

ਹਾਫ਼ਜ਼ ਨੇ ਆਪਣੀ ਸੱਤਾਂ ਸਾਲਾਂ ਦੀ ਕਹਾਣੀ ਥੋੜੇ ਹੋ ਸ਼ਬਦਾਂ ਵਿਚ ਹੀ ਮੁਕਾ ਦਿਤੀ। ਜੇ ਉਹ ਚਾਹੁੰਦਾ ਏਸ ਸਤ ਸਾਲਾਂ ਦੀ ਕਹਾਣੀ ਨੂੰ ਸਤ ਸਾਲ ਹੀ ਸੁਣਾਂਦਾ ਰਹਿੰਦਾ। ਕਿਸੇ ਦੇ ਇਕ ਹੁੰਗਾਰੇ ਤੇ ਸਾਰੀ ਜ਼ਿੰਦਗੀ ੲਸ ਕਹਾਣੀ ਨੂੰ ਜਾਰੀ ਰੱਖ ਸਕਦਾ ਸੀ। ਪਰ ਉਹ ਬੇਚੈਨ ਸੀ ਉਸ ਛਾਪਾਂ ਵਾਲੀ ਕੁੜੀ ਦੀ ਕਹਾਣੀ ਸੁਣਨ ਲਈ। ਹਾਫਜ਼ ਮੀਆਂ ਨੇ ਕੁੜੀ ਦੀ ਕਹਾਣੀ

- ੪੭ -