ਪੰਨਾ:ਦਿਲ ਹੀ ਤਾਂ ਸੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣਨ ਦੀ ਮੰਗ ਕੀਤੀ। ਕੁੜੀ ਨੇ ਕਿਹਾ।

“ਮੈਨੂੰ ਮੇਰੀ ਸਾਰੀ ਕਹਾਣੀ ਦਾ ਤਾਂ ਪਤਾ ਨਹੀਂ, ਜਦੋਂ ਤੋਂ ਯਾਦ ਹੈ ਮੈਂ ਸੁਣਾਂਦੀ ਹਾਂ। ਹੋ ਸਕਦਾ ਹੈ ਏਹਨਾਂ ਸਤਾਂ ਸਾਲਾਂ ਦੀ ਅਧੂਰੀ ਕਹਾਣੀ ਅਗਲੇ ਸਤਾਂ ਸਾਲਾਂ ਵਿਚ ਪੂਰੀ ਹੋ ਜਾਏ! ਹੁਣ ਤੇ ਮੇਰਾ ਨਾਂ ਰਾਮ ਪਿਆਰੀ ਏ ਪਰ ਮੈਨੂੰ ਪਤਾ ਨਹੀਂ ਇਹ ਮੇਰਾ ਨਾਂ ਕਿਸ ਨੇ ਰੱਖਿਆ ਸੀ। ਮੇਰੀ ਬਾਂਹ ਤੇ 'ਮੇਂ ਮੇਂ' ਅਜੇ ਵੀ ਲਿਖਿਆ ਹੋਇਆ ਏ। ਕਈ ਸਾਲ ਪਹਿਲਾਂ ਮੈਂ ਆਗਰੇ ਸ਼ਹਿਰ ਦੇ ਬਾਹਰ ਤਿੰਨ ਮੀਲ ਤੇ ਇਕ ਪਿੰਗਲਵਾੜੇ ਵਿਚ ਰਹਿੰਦੀ ਸਾਂ, ਪਿੰਗਲਵਾੜਾ ਤੇ ਅਨਾਥ ਆਸ਼੍ਰਮ ਕੱਠੇ ਹੀ ਸਨ। ਉਤਲੇ ਵੇਹੜਿਆਂ ਵਿਚ ਪਿੰਗਲੇ, ਕੋਹੜੇ ਤੇ ਅਪਾਹਜ ਰਹਿੰਦੇ ਸਨ। ਥੱਲੇ ਭੋਰਿਆਂ ਵਿਚ ਅਨਾਥ ਬੱਚੇ। ਅਸੀਂ ਕੋਈ ਵੀਹ ਕੁੜੀਆਂ ਹੋਵਾਂਗੀਆਂ। ਕਦੇ ਹੋਰ ਵੀ ਆ ਜਾਂਦੀਆਂ ਪਰ ਪਤਾ ਨਹੀਂ ਕਿਥੋਂ ਆਉਂਦੀਆਂ ਅਤੇ ਚਲੀਆਂ ਜਾਂਦੀਆਂ। ਸਾਨੂੰ ਏਥੇ ਪੜ੍ਹਾਇਆ ਜਾਂਦਾ ਸੀ। ਅਨਾਥ ਆਸ਼੍ਰਮ ਦੇ ਬਾਵਾ ਜੀ ਸਾਨੂੰ ਪੜ੍ਹਾਂਦੇ ਸਨ। ਹਰ ਸਤਵੇਂ ਦਿਨ ਬਾਵਾ ਜੀ ਪਿੰਗਲਵਾੜੇ ਵਿਚ ਇਕ ਲੈਕਚਰ ਦੇਂਦੇ ਸਨ। ਲੈਕਚਰ ਸੁਣਨ ਵਾਸਤੇ ਵੱਡੇ ਵੱਡੇ ਅਮੀਰ ਕਾਰਾਂ ਵਿਚ ਆਉਂਦੇ ਸਨ ਤੇ ਪਿੰਗਲਵਾੜੇ ਦੀ ਮੱਦਤ ਵਾਸਤੇ ਕਾਫ਼ੀ ਰੁਪੈ ਦੇ ਜਾਂਦੇ ਸਨ। ਉਂਵ ਵੀ ਹਰ ਮਹੀਨੇ ਵੱਡੇ ਵੱਡੇ ਦਾਨ ਪਾਤਰ (ਬਕਸੇ) ਖੁਲ੍ਹਦੇ ਸੀ, ਜਿਹੜੇ ਪਿੰਗਲਵਾੜਿਆਂ ਦੀ ਮੱਦਦ ਲਈ ਸ਼ਹਿਰਾਂ ਵਿਚ ਰੱਖੇ ਹੋਏ ਹੁੰਦੇ ਸਨ ਤੇ ਇਹਨਾਂ ਉਤੇ ਦੋ ਤਿੰਨਾਂ ਬੋਲੀਆਂ ਵਿਚ ਲਿਖਿਆ ਹੁੰਦਾ ਸੀ-“ਦਾਨ ਦਿਓ।"

ਇਕ ਦਿਨ ਇਕ ਕੁੜੀ ਨੇ ਮੈਥੋਂ ਪੁਛਿਆ “ਰਾਮ ਪਿਆਰੀ" ਹੁਣ ਮੇਰਾ ਨਾਂ ਰਾਮ ਪਿਆਰੀ ਸੀ, ਤੇਰੇ ਮਾਂ ਪਿਉ ਕਿਥੋਂ ਦੇ ਸਨ?” ਮੈਂ ਜਵਾਬ ਨਾਂਹ ਵਿਚ ਦਿਤਾ। ਮੈਨੂੰ ਪਤਾ

-੪੮-