ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/42

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੀ, ਮੈਂ ਤੁਹਾਨੂੰ ਉਸ ਪੜ੍ਹਾਈ ਦੇ ਕਮਰੇ ਵਿਚ ਲੈ ਚੱਲਾਂ।” ਉਹ ਹਾਫ਼ਜ਼ ਮੀਆਂ ਨੂੰ ਅੰਦਰੋ ਅੰਦਰੀ ਇਕ ਭੋਰੇ ਜਿਹੇ ਵਿਚ ਲੈ ਗਈ, "ਏਥੇ ਧੰਦਾ ਕਰਨ ਦੇ ਗੁਰ ਸਿਖਾਏ ਜਾਂਦੇ ਹਨ। ਕਿਵੇਂ ਭੁੱਲੇ ਭੱਟਕੇ ਜੁਵਾਨਾਂ ਨੂੰ ਏਸ ਨਰਕ ਦੀ ਅੱਗ ਵਿਚ ਸਾੜਿਆ ਜਾਂਦਾ ਹੈ। ਏਸ ਚਾਰਟ ਤੇ ਲਿਖੇ ਹਨ ਜਾਦੂ ਦੇ ਕੁਝ ਹਰਫ਼, ਜਿਹੜੇ ਦੂਸਰੇ ਦੀ ਜੇਬ ’ਚੋਂ ਪੈਸਾ ਆਪਣੀ ਜੇਬ ਵਿਚ ਲਿਆਉਂਦੇ ਹਨ।" ਫੇਰ ਹਾਫਜ਼ ਦਾ ਹੱਥ ਫੜਕੇ ਉਸ ਦੇ ਹੱਥ ਵਿਚ ਚੰਮ ਦਾ ਬਣਿਆ ਹੋਇਆ ਕੋਟੜਾ ਫੜਾ ਕੇ ਕਹਿਣ ਲੱਗੀ, “ਇਹ ਉਹ ਛਾਂਟਾ ਹੈ ਜੋ ਸਬਕ ਨਾਂ ਸਿਖਣ ਤੇ ਸਾਡੇ ਪਿੰਡੇ ਤੇ ਲਾਸਾਂ ਉਭਾਰਦਾ ਹੈ। ਜੇ ਤੁਹਾਡੀਆਂ ਅਖਾਂ ਵੇਖ ਸਕਦੀਆਂ, ਮੈਂ ਆਪਣੇ ਪਿੰਡੇ ਤੇ ਉਹ ਦਾਗ਼ ਵੀ ਵਿਖਾਉਂਦੀ। ਇਸ ਪੜ੍ਹਾਈ ਨੂੰ ਪੂਰੇ ਕਰਨ ਪਿਛੋਂ ਏਸ ਚੁਬਾਰੇ ਵਿਚ ਆ ਗਈ ਹਾਂ। ਉਹਨਾਂ ਭੋਰਿਆਂ 'ਚੋਂ ਏਹਨਾਂ ਭੋਰਿਆਂ ਵਿਚ, ਅਤੇ ਏਹਨਾਂ ਭੋਰਿਆਂ ’ਚੋਂ ਏਹਨਾਂ ਚੁਬਾਰਿਆਂ ਵਿਚ। ਏਸ ਅੰਦਰਲੀ ਦੁਨੀਆਂ ਤੋਂ ਬਾਹਰਲੀ ਦੁਨੀਆਂ ਕਦੇ ਵੇਖੀ ਨਹੀਂ। ਪਤਾ ਨਹੀਂ ਬਾਹਰ ਦੀ ਦੁਨੀਆਂ ਕਿਹੋ ਜਿਹੀ ਹੈ। ਇਕ ਵਾਰ ਬਾਹਰ ਦੀ ਦੁਨੀਆਂ ਦਾ ਇਕ ਗਭਰੂ ਏਥੇ ਆਇਆ ਸੀ, ਬੜਾ ਚੰਗਾ ਲੱਗਾ ਸੀ ਉਹ ਮੈਨੂੰ, ਬੜੀਆਂ ਪਿਆਰੀਆਂ ਗੱਲਾਂ ਸੁਣਾਈਆਂ ਸਨ ਉਸ ਨੇ। ਮੈਨੂੰ ਅਜੇ ਵੀ ਯਾਦ ਹੈ, ਜਦੋਂ ਉਹ ਆਇਆ ਸੀ ਤੇ ਸਾਰਿਆਂ ਚੁਬਾਰਿਆਂ ਦੀਆਂ ਕੁੜੀਆਂ ਨੇ ਆ ਝੁਰਮਟ ਪਾਇਆ ਸੀ ਉਸ ਦੁਆਲੇ। ਹਾੜਬੂੰ ਹਾੜਬੂੰ ਕਰਦੀਆਂ ਨਜ਼ਰਾਂ ਉਸ ਉਤੇ ਗੱਡੀਆਂ ਗਈਆਂ ਸਨ। ਸਾਰੀਆਂ ਨੇ ਆਪੋ ਆਪਣੇ ਗੁਰ ਵਰਤੇ ਸਨ। ਸਾਰੀਆਂ ਨੇ ਆਪੋ ਆਪਣੇ ਸਰੀਰ ਦੇ ਸੋਹਣੇ ਅੰਗਾਂ ਨੂੰ ਮਟਕਾਇਆ ਸੀ, ਉਸ ਸਾਹਮਣੇ। ਪਰ ਮੈਂ ਕੋਈ ਗੁਰ ਨਹੀਂ ਸੀ ਵਰਤਿਆ। ਮੈਂ ਤੇ ਸਗੋਂ ਸੜ ਗਈ

- ੫੦ -