ਪੰਨਾ:ਦਿਲ ਹੀ ਤਾਂ ਸੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਲਾ ਗਿਆ?" ਉਹ ਸ਼ਮਸ਼ਾਨਾਂ ਵੱਲ ਹੱਥ ਕਰਕੇ ਕਹਿਣ ਲੱਗੀ “ਉਥੇ।...ਕਿਉਂ ਚਲਾ ਗਿਆ? ਏਹ ਨਹੀਂ ਮੈਂ ਦੱਸ ਸਕਦੀ ਕਿ ਮਨੁੱਖ ਕਿਉਂ ਚਲਿਆ ਜਾਂਦਾ ਹੈ। ਪਰ ਉਹ ਜਾਣ ਤੋਂ ਪਹਿਲੋਂ ਮੈਨੂੰ ਦੱਸ ਗਿਆ ਕਿ ਮੇਰਾ ਦਿੱਲ ਬੜਾ ਸੁਹਣਾ ਹੈ। ਹੈ ਨਹੀਂ ਸੀ। ਉਦੋਂ ਸੀ ਜਦੋਂ ਉਸ ਕਿਹਾ ਸੀ। ਉਸ ਪਿਛੋਂ ਮੈਂ ਉਸਨੂੰ, ਫੇਰ ਕਿਸੇ ਉਸ ਜਿਹੇ ਨੂੰ ਭਾਲਦੀ ਰਹੀ। ਏਸ ਘਣੀ ਵਸੋਂ ਤੋਂ ਲੈਕੇ ਉਜਾੜ ਵੀਰਾਨਿਆਂ ਤੱਕ ਮੈਂ ਆਪਣਾ ਸੁਹਣਾ ਦਿੱਲ ਲੈਕੇ ਗਲੀ ਗਲੀ, ਕੂਚਾ ਕੂਚਾ, ਦਰ ਦਰ ਹੋਕਾ ਦਿੰਦੀ ਰਹੀ ਪਰ ਕੋਈ ਖਰੀਦਾਰ ਨਾ ਮਿਲਿਆ। ਅਤੇ ਉਹ ਮਿੱਠੀ ਗਲ ਸੁਣਨ ਲਈ ਸਦਾ ਮੇਰੇ ਕੰਨ ਤਰਸਦੇ ਰਹੇ। ਕਿਸੇ ਫੇਰ ਆਕੇ ਸੁਪਨਿਆਂ ਵਿੱਚ ਵੀ ਨਾ ਆਖਿਆ ਕਿ ਤੇਰਾ ਦਿੱਲ ਬੜਾ ਸੁਹਣਾ ਹੈ। ਜੇ ਕੋਈ ਮਿਲਿਆ ਤੇ ਉਸ ਇਹੋ ਹੀ ਕਹਿਕੇ ਮੋੜ ਦਿੱਤਾ ਕਿ ਮਰਦ ਸੀਰਤ ਦਾ ਖਰੀਦਾਰ ਨਹੀਂ, ਕਿਉਂਕਿ ਸੀਰਤ ਦਾ ਕੋਈ ਵਜੂਦ ਨਹੀਂ, ਉਹ ਮਾਸਖ਼ੋਰਾ ਜਾਨਵਰ ਹੈ ਤੇ ਉਹ ਮਾਸ ਦਾ ਹੀ ਖਰੀਦਾਰ ਹੈ। ਏਸੇ ਲਈ ਮੈਨੂੰ ਏਹ ਕਿਹਾ ਗਿਆ ਕਿ ਮੈਂ ਆਪਣੇ ਸੁਹਣੇ ਦਿੱਲ ਦੀ ਸਾਰੀ ਲਾਲੀ ਨਚੋੜਕੇ ਆਪਣੀਆਂ ਗਲ੍ਹਾਂ ਤੇ ਲੈ ਆਵਾਂ, ਆਪਣੇ ਦਿਲ ਦੀ ਖੁਸ਼ਬੋ ਆਪਣੇ ਵਾਲਾਂ ਵਿਚ ਰਚਾ ਲਵਾਂ ਤਾਂ ਜੋ ਮਰਦ ਮੇਰੇ ਇੱਕ ਇੱਕ ਵਾਲ ਤੇ ਨੱਚ ਸੱਕੇ। ਅਤੇ ਆਪਣੇ ਦਿੱਲ ਦੀਆਂ ਸਾਰੀਆਂ ਡੂੰਘਿਆਈਆਂ ਆਪਣੀਆਂ ਅੱਖਾਂ ਵਿੱਚ ਪਾ ਲਵਾਂ ਤਾਂ ਜੋ ਵੱਡੇ ਵੱਡੇ ਤਾਰੂ ਏਨ੍ਹਾ ਵਿੱਚ ਡੁਬਕੇ ਰਹਿ ਜਾਣ। ਮੈਂ ਉਂਝ ਹੀ ਕੀਤਾ, ਆਪਣਾ ਦਿੱਲ ਟੋਟੇ ਟੋਟੇ ਕਰ, ਕਈਆਂ ਹਿਸਿਆਂ ਵਿੱਚ ਵੰਡ ਲਿਆ,

- ੮੯ -