ਪੰਨਾ:ਦਿਲ ਹੀ ਤਾਂ ਸੀ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

......ਹੁਣ ਤੁਸੀ ਹੀ ਸਾਂਭਣਾ.........ਆਪਣਾ ਕਰਕੇ।" ਇਸ ਤੋਂ ਅਗੇ ਉਹ ਬੋਲ ਨਾ ਸਕੀ ਪਰ ਹੰਝੂਆਂ ਦੀ ਬੋਲੀ ਵਿਚ ਉਹ ਮੈਨੂੰ ਸਭ ਕੁਝ ਕਹਿ ਗਈ।

ਨਾ ਖੱਫਣ ਮਿਲਿਆ, ਨਾ ਹੀ ਕਿਸੇ ਦੀਆਂ ਅੱਖਾਂ ਹੀ ਰੱਜ ਰੋਈਆਂ, ਨਾ ਚਾਰ ਮੋਢਿਆਂ ਦੇ ਆਸਰੇ ਉਸ ਦੀ ਅਰਥੀ ਉਠੀ ਤੇ ਨਾ ਕਿਸੇ ਨੇ ਚਿਖਾ ਚੁਣ ਕੇ ਲੰਬੂ ਲਾਇਆ। ਜਲ ਦੀ ਮੱਛਲੀ ਜਲ ਵਿਚ ਹੀ ਪਰਵਾਹੀ ਗਈ। ਜਲ ਪ੍ਰਵਾਹ ਕਰਦੇ ਸਮੇਂ ਮੈਂ ਫੇਰ ਇਕ ਵੇਰ ਉਸ ਵੱਲ ਤੱਕਿਆ। ਤੱਕਿਆ ਸੀ ਮੈਂ ਉਸਦਾ ਬੇਪਨਾਹ ਹੁਸਨ, ਤੇਜ਼ ਤਿਖੇ ਨਕਸ਼, ਭਰੀ ਜਵਾਨੀ। ਬੇਪਰਦਾ ਹੁਸਨ ਮੇਰੇ ਸਾਹਮਣੇ ਸੀ। ਇਹ ਉਹ ਹੁਸਨ ਸੀ ਜੋ ਕਦੇ ਜੀਉਂਦਾ ਸੀ, ਜੋ ਵਸਦਾ ਸੀ। ਜੇ ਕਦੇ ਹਵਾ ਦੇ ਬੁਲੇ ਨਾਲ ਉਸਦੇ ਮੂੰਹ ਤੋਂ ਘੁੰਡ ਹਟ ਜਾਂਦਾ ਸੀ ਤਾਂ ਹਜ਼ਾਰਾਂ ਸ਼ਰਧਾਲੂ-ਅਖਾਂ ਰੁਕ ਜਾਂਦੀਆਂ ਪਰ ਅਜ ਉਹ ਮੇਰੇ ਸਾਹਮਣੇ ਨੰਗਾ ਪਿਆ ਸੀ। ਇਸ ਭਿਆਨਕ ਦ੍ਰਿਸ਼ ਦਾ ਮੇਰੇ ਮਨ ਤੇ ਬੜਾ ਅਸਰ ਹੋਇਆ। ਮੇਰਾ ਦੁਨੀਆਂ, ਤੇ ਰੱਬ ਤੋਂ ਭਰੋਸਾ ਉਡ ਗਿਆ। ਕਿਸੇ ਦਾ ਨਾਂ ਲੈ ਲੈ ਕੇ, ਬਗਾਨੇ ਆਸਰੇ ਦੀ ਭਾਲ ਕਰ ਕਰਕੇ, ਡਰ ਡਰ ਕੇ ਜੀਊਣ ਤੋਂ ਨਫ਼ਰਤ ਹੁੰਦੀ ਜਾ ਰਹੀ ਸੀ।

ਹੁਣ ਸੁਆਲ ਸੀ ਮੇਰੇ ਲਈ, ਬੱਚੇ ਦੀ ਖੁਰਾਕ ਦਾ। ਮੈਂ ਉਸ ਨੂੰ ਆਪਣੀ ਧੌਣ ਨਾਲ ਬੰਨ੍ਹ ਲਿਆ ਅਤੇ ਪਾਣੀ ਵਿਚ ਉਤਰ ਪਿਆ। ਬਾਰਸ਼ ਰੁਕ ਚੁਕੀ ਸੀ ਪਰ ਅਜੇ ਵੀ ਭੂਰ ਪੈ ਰਹੀ ਸੀ। ਪਾਣੀ ਵਿਚ ਉਤਰਨ ਦੀ ਹੀ ਦੇਰ ਸੀ, ਮੈਂ ਤੇਜ਼ ਪਾਣੀ ਦੇ ਵਹਿਣਾ ਵਿਚ ਵਹਿ ਨਿਕਲਿਆ। ਪਰ ਹੁਣ ਮੈਂ ਅਗੇ ਵਾਂਗ ਸਹਿਮਿਆਂ ਹੋਇਆ ਨਹੀਂ ਸਾਂ, ਅਗੇ ਵਾਂਗ ਬੇਆਸ ਨਹੀਂ ਸਾਂ। ਮੌਤ ਦਾ ਭੈ ਦੂਰ ਹੋ ਚੁਕਾ ਸੀ, ਭਾਵੇਂ ਹਰ ਘੜੀ,

-੧੦੯ -