ਪੰਨਾ:ਦਿਲ ਹੀ ਤਾਂ ਸੀ.pdf/93

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਖਿਰ ਸਾਡੇ ਰੋਹੜ ਦੀ ਟੱਕਰ ਵਿਚ ਦੋ ਦਰਖਤ ਆ ਗਏ ਜਿਨ੍ਹਾਂ ਦੀ ਸੰਨ੍ਹ ਵਿਚ ਸਾਡਾ ਛੱਪਰ ਅਟਕ ਗਿਆ। ਬਿੱਲੀ ਤੇ ਨਿਉਲਾ ਟੱਪਕੇ ਉਸ ਦਰਖਤ ਤੇ ਜਾ ਚੜ੍ਹੇ। ਮੈਂ ਛੱਪਰ ਨੂੰ ਮੁੜ ਆਪਣੀ ਪੱਗ ਨਾਲ ਉਹਨਾਂ ਦਰਖਤਾਂ ਨਾਲ ਨੂੜ ਲਿਆ। ਹੁਣ ਇਕ ਪਾਸੇ ਮੈਂ ਤੇ ਦੂਜੇ ਪਾਸੇ ਕਾਲਾ ਕੁੱਤਾ, ਦੋਵੇਂ ਹੀ ਛੱਪਰ ਉਤੇ ਬੈਠੇ ਸਾਂ। ਕੁੱਤਾ ਮੇਰੇ ਵਲ ਝਾਕ ਰਿਹਾ ਸੀ। ਮੈਂ ਉਸ ਉਤੇ ਹੱਥ ਫੇਰਿਆ ਅਤੇ ਉਹ ਪੂਛ ਹਿਲਾ ਰਿਹਾ ਸੀ।

ਹੁਣ ਬਾਰਸ਼ ਬਿਲਕੁਲ ਰੁਕ ਗਈ ਸੀ, ਪਾਣੀ ਉਤਰਨ ਲੱਗ ਪਿਆ ਸੀ--ਇਹ ਦਰੱਖਤਾਂ ਤੇ ਲੱਗੇ ਪਾਣੀ ਦੇ ਨਿਸ਼ਾਨਾਂ ਤੋਂ ਜਾਪਦਾ ਸੀ। ਕਿੰਨੇ ਹੀ ਘੰਟੇ ਅਸੀਂ ਉਥੇ ਰੁਕੇ ਰਹੇ ਪਰ ਹੁਣ ਬੱਚਾ ਰੋਣ ਲੱਗ ਪਿਆ ਸੀ। ਉਸ ਨੂੰ ਮਾਂ ਦਾ ਦੁਧ ਚਾਹੀਦਾ ਸੀ ਜੋ ਕਿਧਰੇ ਮਿਲ ਨਹੀਂ ਸੀ ਸਕਦਾ। ਹੌਲੀ ਹੌਲੀ ਉਚੇ ਥਾਂ ਨੰਗੇ ਹੋਣ ਲੱਗ ਪਏ। ਸਾਹਮਣੇ ਪੱਕੀ ਸੜਕ ਕਿਤਿਉਂ ਕਿਤਿਉਂ ਨਜ਼ਰ ਆਉਣ ਲੱਗੀ। ਪਾਣੀ ਬਹੁਤ ਜ਼ਿਆਦਾ ਨਹੀਂ ਸੀ ਰਿਹਾ। ਮੈਨੂੰ ਯਕੀਨ ਸੀ ਕਿ ਮੈਂ ਏਨੇਂ ਪਾਣੀ ਵਿਚੋਂ ਆਪਣਾ ਰਸਤਾ ਲੱਭ ਲਵਾਂਗਾ। ਮੈਂ ਉਸ ਛੱਪਰ ਤੋਂ ਉਤਰਿਆ ਤੇ ਜਾਣ ਲੱਗਾ। ਮੈਂ ਉਸ ਛੱਪਰ ਨਾਲੋਂ ਆਪਣੀ ਪੱਗ ਨਾ ਖੋਹਲ ਸਕਿਆ, ਮੈਨੂੰ ਉਸ ਮੁਸੀਬਤ ਸਮੇਂ ਕੁਤੇ ਨਾਲ ਏਨੀਂ ਹਮਦਰਦੀ ਹੋ ਚੁਕੀ ਸੀ ਕਿ ਮੈਂ ਨਹੀਂ ਸਾਂ ਚਾਹੁੰਦਾ ਉਹ ਰੁੜ੍ਹ ਜਾਵੇ।

ਮੈਂ ਆਪਣਾ ਰਸਤਾ ਲੱਭਣ ਵਿਚ ਕਾਮਯਾਬ ਹੋ ਗਿਆ ਸਾਂ। ਇਸ ਪੱਕੀ ਸੜਕ ਤੇ ਹਰੀਕੇ ਪਤਣ ਵੱਲ ਚਲਣਾ ਸ਼ੁਰੂ ਕੀਤਾ। ਹਰੀਕੇ ਪਤਣ ਤੇ ਪੁਜਕੇ ਜੋ ਕੁਝ ਮੈਂ ਵੇਖਿਆ ਉਹ ਦਸਣੋ ਮੇਰੀ ਆਤਮਾਂ ਕੰਬਦੀ ਹੈ। ਪੁਲ ਦੇ ਕੋਲ ਲੱਗੀ ਇਕ ਚੱਕੀ ਦਾ ਮਾਲਕ 'ਬਾਬਾ' ਅਤੇ ਮੈਂ ਪੁਲ ਤੇ ਖਲੋਤੇ ਸਾਂ

-੧੧੧-