ਲੋਕ ਤੂੜੀ ਦੇ ਮੂਸਲਾਂ ਤੇ ਚੜ੍ਹੇ ਰੁੜ੍ਹਦੇ ਆ ਰਹੇ ਸਨ। ਛੱਪਰਾਂ ਤੇ, ਸੁਹਾਗਿਆਂ ਤੇ, ਗਾਈਆਂ ਮੱਝੀਆਂ ਦੀਆਂ ਪੂਛਾਂ ਫੜੀ ਦੁਹਾਈ ਦੇਂਦੇ ਆ ਰਹੇ ਸਨ। ਅਣਗਿਣਤ ਮੱਝੀਆਂ ਦੇ ਟੋਲੇ ਰੁੜ੍ਹਦੇ ਆਉਂਦੇ ਸਨ ਪਰ ਅੱਖ ਦੇ ਪਲਕਾਰੇ ਵਿਚ ਇਹ ਲੋਕ, ਇਹ ਮੂਸਲ, ਇਹ ਮੱਝੀਆਂ ਗਾਈਆਂ ਪੁਲ ਵਿਚ ਵੱਜਕੇ ਸੱਭ ਕੁਝ ਮੁੱਕ ਜਾਂਦਾ ਸੀ। ਮੈਂ ਕੁਝ ਨਹੀਂ ਸੀ ਕਰ ਸਕਦਾ, ਬੇਬਸ ਸਾਂ। ਮੈਨੂੰ ਰੋਣ ਆ ਰਿਹਾ ਸੀ ਆਪਣੀ ਬੇਬੱਸੀ ਦੀ ਹਾਲਤ ਤੇ, ਜਿਸ ਵਿਚ ਮੈਨੂੰ ਤੇ ਮੇਰੇ ਲੱਖਾਂ ਵੀਰਾਂ ਨੂੰ ਇਸ ਤਰ੍ਹਾਂ ਰੁੜ੍ਹਨ ਦੀ ਹਾਲਤ ਲਈ ਏਸ ਅਟਾਮਕ ਯੁਗ ਵਿਚ ਮਜਬੂਰ ਰੱਖਿਆ ਜਾ ਰਿਹਾ ਸੀ। ਮੈਂ ਹੋਰ ਨਾ ਵੇਖ ਸੱਕਿਆ ਇਹ ਭਿਆਨਕ ਦ੍ਰਿਸ਼
!ਬਾਬਾ ਬੋਲਿਆ,
“ਵੇਖ ਲੈ ਪੁਤਰ ਇਹ ਹੈ ਪਾਪਾਂ ਦਾ ਫੱਲ, ਇਹ ਰੱਬੀ ਕਹਿਰ ਤਾਂ ਹੀ ਵਰਤਿਆ ਹੈ। ਪਾਪੀ ਮਰ ਰਹੇ ਹਨ, ਧਰਮੀਂ ਬਚ ਜਾਣਗੇ"
ਬਾਬੇ ਦੀ ਇਸ ਗੱਲ ਨੇ ਮੇਰੇ ਸੀਨੇ ਵਿਚ ਲੱਗੀ ਅੱਗ ਤੇ ਤੇਲ ਦਾ ਕੰਮ ਕੀਤਾ। ਮੈਂ ਭੜਕ ਉਠਿਆ
ਬਾਬਾ ਜੇ ਇਹ ਪਾਪੀ ਹਨ ਤਾਂ ਇਸ ਬੱਚੇ ਨੇ ਕੀ ਪਾਪ ਕੀਤੇ ਸਨ। ਉਹ ਲੋਕ ਜੋ ਦੂਜਿਆਂ ਦੀਆਂ ਜਾਨਾਂ ਬਚਾਉਂਦੇ ਡੁਬ ਗਏ, ਕੀ ਉਹ ਪਾਪੀ ਸਨ? ਕੀ ਇਹ ਮੱਝੀਆਂ ਗਾਈਆਂ ਪਾਪੀ ਹਨ? ਬਾਬਾ ਇਕ ਦਿਨ ਤੂੰ ਏਹਨਾਂ ਪਾਪੀਆਂ ਨੂੰ ਯਾਦ ਕਰਕੇ ਰੋਵੇਂਗਾ। ਤੂੰ ਵਾਜਾਂ ਮਾਰੇਂਗਾ ਏਹਨਾਂ ਪਾਪੀਆਂ ਨੂੰ ਜਦੋਂ ਬਿਆਸਾ ਦਾ ਪਾਣੀ ਚੜ੍ਹਕੇ ਤੇਰੇ ਕੋਠੇ ਦੀਆਂ ਕੰਧਾਂ ਨਾਲ ਟੱਕਰਾਂ ਮਾਰੇਗਾ। ਤੂੰ ਰੋਇਆ ਕਰੇਂਗਾ ਯਾਦ ਕਰਕੇ ਇਹਨਾਂ ਪਾਪੀਆਂ ਨੂੰ ਜਦੋਂ ਤੇਰੀ ਚੱਕੀ ਤੇ ਕਣਕਾਂ ਦੇ ਲੱਦੇ ਗੱਡੇ ਆਉਣੋਂ ਬੰਦ ਹੋ ਜਾਣਗੇ।
-੧੧੨-