ਪਰ ਉਦੋਂ ਵੀ ਇਹ ਤੇਰੀ ਮਦਦ ਲਈ ਆਉਣਗੇ। ਉਹ ਧਰਮੀ ਜੀਹਨਾਂ ਨੂੰ ਤੂੰ ਧਰਮੀਂ ਆਖਦਾ ਏਂ ਉਹ ਅਜੇ ਨਹੀਂ ਆਉਣਗੇ, ਉਹ ਉਦੋਂ ਆਉਣਗੇ ਜਦੋਂ ਹੜਾਂ ਦਾ ਪਾਣੀ ਦਰਿਆਵਾਂ ਵਿਚ ਵੀ ਮੁਕ ਜਾਵੇਗਾ, ਜਦੋਂ ਆਮ ਲੋਕਾਂ ਦਾ ਆਉਣਾ ਜਾਣਾ ਚਾਲੂ ਹੋ ਜਾਵੇਗਾ। ਉਹ ਉਦੋਂ ਵੀ ਅਗਨ ਬੋਟਾਂ ਵਿਚ ਚੜ੍ਹ ਕੇ ਆਉਣਗੇ। ਯਾਦ ਰੱਖੀਂ ਬਾਬਾ ਉਹਨਾਂ ਦੇ ਹੱਥਾਂ ਵਿਚ ਕੰਬਲ ਨਹੀਂ ਹੋਣਗੇ, ਰੋਟੀਆਂ ਨਹੀਂ ਹੋਣਗੀਆਂ। ਇਹ ਵੀ ਨਾ ਸੋਚ ਉਹ ਰੋਂਦੇ ਆਉਣਗੇ ਸਾਡੀ ਬਰਬਾਦੀ ਨੂੰ ਵੇਖਕੇ, ਨਹੀਂ...ਉਹ ਹਸੂੰ ਹਸੂੰ ਕਰਦੇ ਸਾਡੇ ਮੱਥੇ ਲੱਗਣਗੇ, ਉਹਨਾਂ ਦੇ ਹੱਥਾਂ ਵਿਚ ਕੈਮਰੇ ਹੋਣਗੇ। ਉਹ ਲੱਭ ਰਹੇ ਹੋਣਗੇ ਆਪਣਿਆਂ ਕੈਮਰਿਆਂ ਲਈ ਸਾਡੀ ਬਰਬਾਦੀ ਦੇ ਦ੍ਰਿਸ਼, ਜੀਹਨਾਂ ਦੀ ਨੁਮਾਇਸ਼ ਉਹ ਧਰਮੀ ਹੱਲਕਿਆਂ ਵਿਚ ਕਰਨਗੇ।”
ਇਸ ਤੋਂ ਪਿਛੋਂ ਮੈਂ ਉਥੋਂ ਚਲ ਪਿਆ। ਚੰਗੇ ਇਤਫਾਕ ਨਾਲ ਮੈਨੂੰ ਇਕ ਬਦਨਸੀਬ ਮਾਂ ਮਿਲੀ ਜੋ ਆਪਣੇ ਬੱਚੇ ਨੂੰ ਏਹਨਾਂ ਬੰਦੇ ਖਾਣੇ ਹੜਾਂ ਵਿਚ ਗੁਆ ਆਈ ਸੀ। ਬੱਚਾ ਜ਼ੋਰ ਜ਼ੋਰ ਨਾਲ ਰੋ ਰਿਹਾ ਸੀ। ਉਹ ਮੇਰੇ ਹੱਥੋਂ ਬੱਚੇ ਨੂੰ ਫੜਕੇ ਦੁਧ ਦੇਣ ਲੱਗ ਪਈ ਤੇ ਉਹ ਚੁਪ ਕਰ ਗਿਆ। ਤੇ ਮੈਂ ਉਸਦੇ ਨਾਲ ਉਸਦੇ ਪਿੰਡ ਨੂੰ ਚੱਲਿਆ ਗਿਆ।
ਕਿੰਨੇਂ ਦਿਨਾਂ ਪਿਛੋਂ ਜਦੋਂ ਮੈਂ ਉਸ ਬੱਚੇ ਨੂੰ ਮੋਢੇ ਨਾਲ ਲਾਈ ਆ ਰਿਹਾ ਸੀ ਤਾਂ ਮੈਨੂੰ ਰੱਸਤੇ ਵਿਚ ਇਕ ਜੀਪ ਮਿਲੀ, ਜੋ ਕੁਝ ਕਦਮ ਅਗੇ ਲੰਘਕੇ ਖਲੋ ਗਈ। ਵਿਚੋਂ ਦੋ ਜੁਅਨ ਉਮਰ ਕੈਮਰਿਆਂ ਵਾਲੀਆਂ ਕੁੜੀਆਂ ਨਿਕਲੀਆਂ। ਉਨਾਂ ਕੁਝ ਆਖੇ ਬਗੈਰ ਮੇਰੀ ਤੇ ਮੇਰੇ ਇਸ ਗਲ ਲੱਗੇ ਹੋਣੀ ਦੇ ਜਾਏ ਬੱਚੇ ਦੀ ਤਸਵੀਰ ਲੈ ਲਈ ਤੇ ਆਪਣੀ ਮੋਟਰ ਵਿਚ ਚੜ੍ਹ ਗਈਆਂ।
-੧੧੩-