ਧੀਆਂ ਕਰ ਚੱਲੀਆਂ ਸਰਦਾਰੀ
ਚਾਰ ਦਿਨ ਮੌਜਾਂ ਮਾਣ ਕੇ, ਲਾਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ!
ਡਾਰ ਵਿੱਚੋਂ ਕੂੰਜ ਵਿੱਛੜੀ, ਉਡੀ ਜਾਂਦੀ ਵੀ ਵਿਚਾਰੀ ਕੁਰਲਾਵੇ
ਧੀਆਂ ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਮੜੀਏ ਜਾਵੇ
ਕਲ੍ਹ ਤੱਕ ਰਾਜ ਕਰਿਆ, ਅਜ ਖੁਸ ਗਈ ਹਕੂਮਤ ਸਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ..........
ਅੱਛਾ! ਸੁਖੀ ਵਸੇ ਅੰਮੀਏਂ, ਮੇਰੇ ਰਾਜੇ ਬਾਬਲ ਦਾ ਖੇੜਾ
ਅਸੀਂ ਕਿਹੜਾ ਨਿੱਤ ਆਉਣਾ, ਸਾਡਾ ਵੱਜਣਾ ਸਬੱਬ ਨਾਲ ਗੇੜਾ
ਧੀਆਂ ਪਰਦੇਸਣਾਂ ਦੀ, ਹੁੰਦੀ ਚਿੜੀਆਂ ਦੇ ਵਾਂਗ ਉਡਾਰੀ!
ਆਹ ਲੈ ਮਾਏਂ ਸਾਂਭ ਕੁੰਜੀਆਂ...........
ਬਾਪੂ ਤੇਰੇ ਪਿਆਰ ਸਦਕਾ, ਅਸੀਂ ਰੱਜ ਰੱਜ ਪਹਿਨਿਆ ਹੰਢਾਇਆ
ਪੱਗ ਤੇਰੀ ਰੱਖੀ ਸਾਂਭ ਕੇ, ਇਹਨੂੰ ਦਾਗ਼ ਨਈਂ ਹਵਾ ਜਿੰਨਾ ਲਾਇਆ
ਇੱਕ ਰਾਤ ਹੋਰ ਰੱਖ ਲੈ, ਜਾਵਾਂ ਬਾਬਲਾ ਤਿਰੇ ਬਲਹਾਰੀ।
ਆਹ ਲੈ ਮਾਏਂ ਸਾਂਭ ਕੁੰਜੀਆਂ........
ਵੀਰਾ ਵੇ ਮੁਰੱਬੇ ਵਾਲਿਆ! ਤੈਨੂੰ ਭਾਗ ਪਰਮੇਸ਼ਰ ਲਾਵੇ
ਅੱਛਾ! ਭਾਬੀ ਮੁਆਫ਼ ਕਰ ਦਈਂ, ਸਾਡੇ ਐਵੇਂ ਸੀ ਕੂੜ ਦੇ ਦਾਅਵੇ
ਅੱਗੇ ਤਾਂ ਮੈਂ ਜਿੱਤ ਦੀ ਰਹੀ, ਅਜ ਤੂੰ ਜਿੱਤ ਗਈ ਮੈਂ ਹਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ........
ਆਉ ਸਈਉ! ਆਉ! ਮਿਲ ਲਉ! ਮੁੜ ਕੱਠਿਆਂ ਸਬੱਬ ਨਾਲ ਬਹਿਣਾ
ਤੁਸੀਂ ਵੀ ਤਾਂ ਮੇਰੇ ਵਾਂਗਰਾ ਸਦਾ ਬੈਠ ਨਾ ਜੈਤੋ ਦੇ ਵਿੱਚ ਰਹਿਣਾ
ਵੱਡੀਆਂ ਮਿਜ਼ਾਜ਼ਾਂ ਵਾਲੀਉ! ਤੁਹਾਡੀ ਚਾਰ ਕੁ ਦਿਨਾਂ ਦੀ ਸਰਦਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ..........
ਚਾਰ ਦਿਨਾਂ ਮੌਜਾਂ ਮਾਣ ਕੇ, ਲਾਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ
ਆਹ! ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ
104/ਦੀਪਕ ਜੈਤੋਈ