ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਂਝਣਾ

ਤੇਰੀ ਦੀਦ ਬਾਥੋਂ ਅੱਖੀਆਂ ਤਿਹਾਈਆਂ ਰਾਂਝਣਾ!
ਸਾਥੋਂ ਝੱਲੀਆਂ ਨਾ ਜਾਣ, ਇਹ ਜੁਦਾਈਆਂ ਰਾਂਝਣਾ

ਤੈਨੂੰ ਵੇਖਿਆ ਬਗ਼ੈਰ, ਚੈਨ ਚਿੱਤ ਨੂੰ ਨਾ ਆਵੇ
ਚੰਨਾ ਫੁੱਲਾਂ ਵਾਲੀ ਰੁੱਤ, ਸਾਨੂੰ ਵੱਢ ਵੱਢ ਖਾਵੇ!
ਤੇਰੇ ਨਾਲ ਅੱਖਾਂ, ਭੁੱਲ ਕੇ ਮੈਂ ਲਾਈਆਂ ਰਾਂਝਣਾ!
ਸਾਥੋਂ ਝੱਲੀਆਂ ਨਾ ਜਾਣ..........

ਅਸੀਂ ਹੋ ਗਏ ਸ਼ੁਦਾਈ, ਤੇਰੀ ਆਸ਼ਕੀ ਦੇ ਮਾਰੇ
ਤੈਨੂੰ ਸਾਡੇ ਨਾਲੋਂ ਸੁਹਣਿਆਂ, ਪਰਾਏ ਲੱਗੇ ਪਿਆਰੇ
ਸਾਨੂੰ ਲਾਉਣੀਆਂ-ਬੁਝਾਉਣੀਆਂ ਨਾ ਆਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਣ ...........

ਕਦੀ, ਆਕੇ ਵੇਖੇਂ ਅੱਖੀਂ, ਸਾਡੀ ਜ਼ਿੰਦ ਕੁਰਲਾਉਂਦੀ
ਦਿਨੇਂ ਚੈਨ ਨਹੀਂ ਆਉਂਦਾ, ਰਾਤੀਂ ਨੀਂਦ ਨਹੀਂ ਆਉਂਦੀ
ਅਸੀਂ ਯੁੱਗਾਂ ਵਾਂਗ, ਘੜੀਆਂ ਬਿਤਾਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਣ.........

ਸਾਡੇ ਚਾਅਵਾਂ ਕੋਲੋਂ ਪੁੱਛ, ਕਿੱਦਾਂ ਹੋਏ ਬੇ-ਕਰਾਰ
ਤੇਰੇ ਰੋਸਿਆਂ ਤੋਂ ਵਾਰੀਂ! ਕੇਰਾਂ ਆਕੇ, ਝਾਤੀ ਮਾਰ
ਤੈਨੂੰ ਚੇਤੇ ਆਉਣ ਤੇਰੀਆਂ ਉਕਾਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਣ.........

107/ਦੀਪਕ ਜੈਤੋਈ