ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਹੀ ਨਾਲ ਲੜਾਈ

ਮੇਰੀ ਮਾਹੀ ਨਾਲ ਹੋ ਗਈ ਲੜਾਈ ਅੜੀਉ!
ਨੀ ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ ਅੜੀਉ!

ਭੈੜਾ ਨਿੱਕੀ ਨਿੱਕੀ ਗੱਲੇ ਪਾਈ ਰੱਖਦੈ ਕਲੇਸ਼
ਨਾ ਮੈਂ ਡੋਲ੍ਹਾਂ ਨਾ ਵਗਾੜਾਂ ਗਾਲ਼ਾ ਕੱਢਦੈ ਹਮੇਸ਼
ਕਿੱਥੋਂ ਤੀਕ ਰੱਖੇ ਅਗਲਾ ਸਮਾਈ ਅੜੀਉ!
ਨੀ ਸਾਰੇ ਪਿੰਡ ਵਿੱਚ..........

ਕਲ੍ਹ ਦੁਖੀ ਹੋ ਕੇ ਬੋਲੀ, ਉਹਦੇ ਸਾਮਣੇ ਅਖੀਰ
ਦਿੱਤੇ ਮੋੜਵੇਂ ਜਵਾਬ ਖਿੱਚ ਦਿੱਤੀ ਸੂ ਲਖੀਰ
ਕੱਢ ਦਿੱਤੀ ਉਹਦੀ ਸਾਰੀ ਅੜਬਾਈ ਅੜੀਉ
ਨੀ ਸਾਰੇ ਪਿੰਡ ਵਿੱਚ.........

ਉਹਨੇਂ ਮੈਨੂੰ ਨਾ ਬੁਲਾਇਆ, ਮੈਂ ਭੀ ਕੀਤੀ ਨਹੀਂ ਗੱਲ
ਉਹਦਾ ਲੱਛ ਵੀ ਨਾ ਲੱਥਾ, ਲੱਥਾ ਮੇਰਾ ਵੀ ਨਾ ਝੱਲ
ਰੋਟੀ ਮੈਂ ਵੀ ਸ਼ਾਮ ਤੀਕ ਨਾ ਪਕਾਈ ਅੜੀਉ
ਨੀ ਸਾਰੇ ਪਿੰਡ ਵਿੱਚ .........

ਉਹ ਤਾਂ ਸੁੱਤਾ ਜਾ ਚੁਬਾਰੇ, ਮੈਂ ਵੀ ਸੁੱਤੀ ਵਿਹੜੇ ਵਿੱਚ
ਉਹ ਵੀ ਅਵਾਜ਼ਾਰ ਹੋਇਆ, ਹੋਈ ਮੈਂ ਵੀ ਬੜੀ ਜ਼ਿਚ
ਨੀਂਦ ਸਾਰੀ ਰਾਤ ਦੋਹਾਂ ਨੂੰ ਨਾ ਆਈ ਅੜੀਉ
ਨੀ ਸਾਰੇ ਪਿੰਡ ਵਿੱਚ.........

ਰਾਤੀਂ ਗੁੱਸੇ ਨਾਲ ਮੈਨੂੰ, ਰਤਾ ਹੋ ਗਿਆ ਬੁਖ਼ਾਰ
ਬੱਸ ਓਸੇ ਵੇਲ਼ੇ ਉਹਨੇ, ਸੁੱਟ ਦਿੱਤੇ ਹੱਥਿਆਰ!
ਆਪੇ ਲੈ ਕੇ ਆਇਆ, ਜੈਤੋ ਤੋਂ ਦਵਾਈ ਅੜੀਉ!
ਨੀ ਸਾਰੇ ਪਿੰਡ ਵਿੱਚ ........

ਮੇਰੀ ਮਾਹੀ ਨਾਲ ਹੋ ਗਈ ਲੜਾਈ ਅੜੀਉ
ਨੀ ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ ਅੜੀਉ

106/ਦੀਪਕ ਜੈਤੋਈ