ਆਇਆ ਨਾ ਜਵਾਬ
ਆਇਆ ਨਾ ਜਵਾਬ ਢੋਲ ਦਾ, ਹਾਏ! ਹੁਣ ਕੀ ਯਤਨ ਬਣਾਵਾਂ
ਨੀ ਇੱਕ ਚਿੱਤ ਇੰਜ ਕਰਦੈ, ਚਿੱਠੀ ਦੂਸਰੀ ਲਿਖਾ ਕੇ ਪਾਵਾਂ
ਆਇਆ ਨਾ ਜਵਾਬ ਢੋਲ ਦਾ
ਚਿੱਠੀ ਮੇਰੇ ਮਾਹੀ ਦੀ ਮੈਂ ਜਾਂਦੀ ਹਾਂ ਉਡੀਕੀ ਨੀ।
ਉਹਦੇ ਉੱਤੇ ਹੋਊ ਮੇਰੀ, ਜ਼ਿੰਦਗੀ ਉਲੀਕੀ ਨੀ।
ਹਿੱਕ ਨਾਲ ਲਾਕੇ ਚਿੱਠੀ ਲੇਟ ਜਾਂ ਪਲੰਘ ਉੱਤੇ,-
-ਮਾਹੀ ਦਾ ਵਿਛੋੜਾ ਭੁੱਲ ਜਾਵਾਂ, ਨੀ ਇੱਕ ਚਿੱਤ ਇੰਜ ਕਰਦੈ .....
-ਓਦੋਂ ਦਾ ਨਾ ਆਇਆ, ਲੱਗੀ ਜਦੋਂ ਦੀ ਲੜਾਈ ਨੀ
ਮੱਚ ਕੇ ਮਰੇ ਓਹ, ਜੀਹਨੇਂ ਲਾਮ ਇਹ ਲੁਆਈ ਨੀ
ਲੱਭ ਜਾਵੇ ਟੁੱਕੜਾ ਤਾਂ ਪੁੱਛਾਂ ਮੈਂ ਬਿਠਾ ਕੇ ਉਹਨੂੰ
-ਚੀਰ ਕੇ ਜਾਂ ਕਾਲਜਾ ਵਖਾਵਾਂ-ਨੀ ਆਇਆ ਨਾ ਜਵਾਬ.....
ਰੋਈ ਰੋਈ ਜਾਵਾਂ ਜੀ ਸੁਕਾ ਲਿਆ ਹੈ ਪਿੱਤਾ ਮੈਂ
ਅੱਗ ਲਾਕੇ ਫੂਕਾਂ ਭੈੜਾ ਨੌਕਰੀ ਦਾ ਕਿੱਤਾ ਮੈਂ
ਨਾਵਾਂ ਕਟਵਾਕੇ ਆ ਜਏ, ਭੁੱਖੀ ਰਹਿ ਕੇ ਕੱਟ ਲਾ ਮੈਂ-
-ਲੱਖ ਲੱਖ ਸ਼ੁਕਰ ਮਨਾਵਾਂ-ਨੀ ਆਇਆ ਨਾ ਜਵਾਬ ਢੋਲ ਦਾ.....
ਭੇਜਿਆ ਨਾ ਉਹਨੇ ਮੇਰੀ ਚਿੱਠੀ ਦਾ ਜਵਾਬ ਨੀ।
ਸੁੱਖ ਰੱਖੇ ਰੱਬ, ਰਾਤੀਂ ਭੈੜਾ ਆਇਐ ਖ਼ਾਬ ਨੀ।
ਕਾਹਲੀ ਵਿੱਚ ਮੁਨਸ਼ੀ ਨੇ, ਲਿਖ ਹੀ ਨਾ ਦਿੱਤਾ ਹੋਵੇ-
-ਕਿਧਰੇ ਗ਼ਲਤ ਸਿਰਨਾਵਾਂ-ਨੀ ਆਇਆ ਨਾ ਜਵਾਬ ਢੋਲ.....
ਚਿੱਠੀ ਰਾਹੀਂ ਹੋ ਜਏ ਕਿਤੇ ਚੰਨ ਦਾ ਦੀਦਾਰ ਨੀ
ਅੱਖਾਂ ਨਾਲ ਚਿੱਠੀ ਲਾਕੇ ਚੁੰਮਾਂ ਵਾਰ-ਵਾਰ ਨੀ
ਲਿਖਿਆ ਜੇ ਹੋਵੇ ਕਿਤੇ, ਆਊਂਗਾ "ਫਲਾਨੇ ਦਿਨ"
-ਫੇਰ ਤਾਂ ਮੈਂ ਫੁੱਲੀ ਨਾ ਸਮਾਵਾਂ-ਨੀ ਆਇਆ ਨਾ ਜਵਾਬ .....
ਹਾਏ! ਹੁਣ ਕੀ ਮੈਂ ਯਤਨ ਬਣਾਵਾਂ
ਨੀ ਇੱਕ ਚਿੱਤ ਐਂ ਕਰਦੈ, ਚਿੱਠੀ ਹੋਰ ਮੈਂ ਲਿਖਾ ਕੇ ਪਾਵਾਂ
ਆਇਆ ਨਾ ਜਵਾਬ ਢੋਲ ਦਾ
109/ਦੀਪਕ ਜੈਤੋਈ