ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦ ਕਰੋ ਇਹ

ਬੰਦ ਕਰੋ ਇਹ ਪੁੱਠੀਆਂ ਰਸਮਾਂ-ਕਿਉਂ ਜਾਨਾਂ ਤੜਪਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ

ਇਸ ਦਹੇਜ਼ ਦੀ ਭੇਟਾ ਚੜ੍ਹ ਗਏ, ਜੋਬਨ ਕਈ ਹਜ਼ਾਰਾਂ
ਖਾ ਖਾ ਜ਼ਹਿਰ ਤੜਪ ਕੇ ਮਰੀਆਂ, ਬਿਨਾ ਦੋਸ਼ ਮੁਟਿਆਰਾਂ
ਕਈਆਂ ਨੇ ਪਿੰਡੇ ਨੂੰ ਅਪਣੇ, ਆਪੇ ਅੱਗਾਂ ਲਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ
ਕਿਉਂ ਜ਼ਿੰਦਗੀਆਂ ਤੜਪਾਈਆਂ ਨੇ

ਗਲ਼ ਵਿੱਚ ਪੱਲੂ ਪਾਕੇ ਜਿਹੜਾ ਲੜਕੀ ਦੇਵਣ ਆਇਐ
ਉਸ ਦਾ ਖੀਸਾ ਫੋਲ ਰਹੇ ਹੋ, ਕੀ ਕੁਝ ਨਕਦ ਲਿਆਇਐ
ਇਹ ਕਰਤੂਤਾਂ ਵੇਖ ਵੇਖ ਕੇ, ਅੱਖੀਆਂ ਨਾ ਸ਼ਰਮਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ
ਕਿਉਂ ਜ਼ਿੰਦਗੀਆਂ ਤੜਪਾਈਆਂ ਨੇ

ਪੈਰਾਂ ਤੇ ਸਿਰ ਜਿਹੜਾ ਰਖਦੈ, ਉਸ ਦਾ ਗਲ਼ ਨਾ ਕੱਟੋ।
ਕੁੜੀਆਂ ਦੀ ਕੁਰਬਾਨੀ ਦੇ ਕੇ, ਪੁੱਤ ਦਾ ਮੁੱਲ ਨਾ ਵੱਟੋ।
ਜ਼ਿੰਦਗੀਆਂ ਦੀ ਬੋਲੀ ਦਿੰਦੀਐਂ-ਅੱਜ ਨਜ਼ਰਾਂ ਤ੍ਰਿਹਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ
ਕਿਉਂ ਜ਼ਿੰਦਗੀਆਂ ਤੜਪਾਈਆਂ ਨੇ

111/ਦੀਪਕ ਜੈਤੋਈ