ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਣਜਾਰਾ
ਆਇਆ ਪਿੰਡ 'ਚ ਸੁਣੀਂਦੈ ਵਣਜਾਰਾ;
-ਨੀ ਸਦ ਲਿਆ ਨਨਾਣੇਂ ਰਾਣੀਏਂ
ਆਪੇ ਸਾਂਭ ਲਊ ਮੈਂ ਕੰਮ-ਧੰਦਾ ਸਾਰਾ
-ਨੀ ਸਦ ਲਿਆ ਨਨਾਣੇਂ ਰਾਣੀਏਂ
ਇਹ ਤਾਂ ਵਣਜਾਰਾ ਮੈਨੂੰ ਜਾਪੇ ਸਾਡੇ ਸ਼ਹਿਰ ਦਾ
ਪਿੰਡ ਵਿੱਚ ਆਇਆ ਹੋਇਆ ਸੁਣੀਂਦੈ ਦੁਪਹਿਰ ਦਾ
ਲਾਗਲੀ ਗਲ਼ੀ ਚੋਂ ਹੋਕਾ ਓਸ ਦਾ ਪਛਾਣਿਆ ਮੈਂ,
-ਕੋਠੇ ਉੱਤੇ ਚੜ੍ਹੀ ਜਾਂ ਦੁਬਾਰਾ,
-ਨੀ ਸੱਦ ਲਿਆ ਨਨਾਣੇਂ.......
ਇੱਕ ਵਾਰੀ ਜਿਹੜੀ ਵੀ ਚੜ੍ਹਾਵੇ ਇਹ ਤੋਂ ਚੂੜੀਆਂ
ਦੂਜੀ ਵਾਰੀ ਕਿੱਦਾਂ ਨਾ ਮੰਗਾਵੇ ਇਹ ਤੋਂ ਚੂੜੀਆਂ
ਇਹ ਦੀਆਂ ਤਾਂ ਚੂੜੀਆਂ ਦੀ, ਮੰਗ ਹੈ ਵਲੈਤ ਵਿੱਚ,
-ਏਥੇ ਕੀ ਆ ਗਿਆ ਵਿਚਾਰਾ,
-ਨੀ ਸੱਦ ਲਿਆ ਨਨਾਣੇਂ.......
ਪਤਾ ਨਹੀਂ ਟੁਕੜਾ ਮੰਗਾਉਂਦੈ ਕਿੱਥੋਂ ਮਾਲ ਨੀ!
ਇਕ ਨਾਲੋਂ ਦੂਜੀ ਵੰਗ ਪੁੱਜ ਕੇ ਕਮਾਲ ਨੀ!
ਏਸੇ ਦੀਆਂ ਵੰਗਾਂ ਚੋਂ ਨਮੂਨੇ ਨਿੱਤ ਕੱਟਦਾ ਹੈ,
ਸਾਡਾ ਜੈਤੋ ਵਾਲਾ ਸੁਨਿਆਰਾ।
ਨੀ ਸੱਦ ਲਿਆ ਨਨਾਣੇਂ .....
113/ਦੀਪਕ ਜੈਤੋਈ