ਸੱਸ ਨੇ ਸੰਧਾਰਾ ਭੇਜਿਆ
(ਸਹੁਰਿਆਂ ਵੱਲੋਂ ਤੀਆਂ ਦੇ ਤਿਉਹਾਰ ਤੇ, ਪੇਕੇ ਗਈ ਵਹੁਟੀ ਨੂੰ ਸੰਧਾਰਾ ਭੇਜਣ ਦਾ ਰਿਵਾਜ਼ ਅੱਜ ਵੀ ਪਿੰਡਾਂ ਵਿੱਚ ਹੈ)
ਸੱਸ ਨੇ ਸੰਧਾਰਾ ਭੇਜਿਆ, ਮੇਰੀ ਹਿੱਕ ਤੇ ਰੌਸ਼ਨੀ ਹੋਈ!
ਨੀ ਤੀਆਂ ਵਿੱਚ ਨੱਚਦੀ ਨੂੰ, ਮੈਨੂੰ ਅੱਜ ਨਾ ਵਰਜਿਉ ਕੋਈ
ਨੀ ਸੱਸ ਨੇ ਸੰਧਾਰਾ ਭੇਜਿਆ.............
ਅੱਥਰੀ ਜਵਾਨੀ, ਨੈਣਾਂ ਵਿੱਚ ਨੇ ਖ਼ੁਮਾਰੀਆਂ
ਜਾਣੋਂ ਕਿਤੇ ਪੀਂਘ ਸਣੇਂ, ਮਾਰ-ਜਾਂ ਉਡਾਰੀਆਂ
ਪਰੀਆਂ ਨੂੰ ਆਖਾਂ! ਆਉ ਉਡੀਏ ਮਜ਼ਾਜਣੋ ਨੀ
-ਵੇਖੋ! ਮੈਂ ਵੀ ਹਵਾ ’ਚ ਖਲੋਈ
ਨੀ ਸੱਸ ਨੇ ਸੰਧਾਰਾ ਭੇਜਿਆ.............
ਗਿੱਧੇ ਦੇ ਵਿਚਾਲੇ ਨੀ ਮੈਂ ਰੌਣਕਾਂ ਖਿੰਡਾਈਆਂ ਨੇ
ਬੁੱਤਾਂ ਵਾਂਗੂੰ ਸਾਰੀਆਂ ਸਹੇਲੀਆਂ ਬਣਾਈਆਂ ਨੇ
ਪਿੱਪਲਾਂ ਦੇ ਪੱਤਿਆਂ ਤੋਂ ਸੁਣੇ ਕੋਈ ਗੀਤ ਮੇਰੇ-
-ਪ੍ਰੀਤ ਮੈਥੋਂ ਜਾਵੇ ਨ ਲਕੋਈ
ਨੀ ਸੱਸ ਨੇ ਸੰਧਾਰਾ ਭੇਜਿਆ............
ਧਰਤੀ ਤੇ ਅੱਜ ਮੇਰਾ ਲੱਗਦਾ ਨਾ ਪੱਬ ਨੀ
ਚਿੱਤ ਮੇਰਾ ਚਾਹੇ, ਮਾਹੀ ਮਿਲੇ ਮੈਨੂੰ ਝੱਬ ਨੀ
ਨਵੀਆਂ ਪਜੇਬਾਂ ਪਾਕੇ, ਰੂਪ ਨਸ਼ਿਆਇਆ ਮੇਰਾ-
-ਤੋਰ ਵੀ ਸ਼ਰਾਬਣ ਹੋਈ
ਨੀ ਸੱਸ ਨੇ ਸੰਧਾਰਾ ਭੇਜਿਆ.............
ਪੁੱਛਦੀ ਸੀ ਭਾਬੀ, ਮੈਨੂੰ ਸੈਂਣਤਾਂ ਦੇ ਨਾਲ ਨੀ
ਹੱਸ ਕੇ ਮੈਂ ਰੱਖ ਲਿਆ ਬੁੱਲ੍ਹਾਂ ਤੇ ਰੁਮਾਲ ਨੀ
ਸ਼ੀਸ਼ੇ ਵੱਲ ਵੇਖ ਕੇ ਮੈਂ ਝੱਲੀ ਹੋਈ ਹੱਸ ਹੱਸ-
-ਹਾਸੇ ਵਿੱਚੋਂ ਆਵੇ ਖੁਸ਼ਬੋਈ
ਨੀ ਸੱਸ ਨੇ ਸੰਧਾਰਾ ਭੇਜਿਆ............
120/ਦੀਪਕ ਜੈਤੋਈ