ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁੱਤ ਬਸੰਤੀ

ਰੁੱਤ ਬਸੰਤੀ, ਘਰ ਘਰ ਅੰਦਰ ਪਾਉਂਦੀ ਫਿਰੇ ਧਮਾਲ ਹਾਣੀਆਂ
-ਸਾਡਾ ਮੰਦੜਾ ਹਾਲ ਹਾਣੀਆਂ

ਲੋਕਾਂ ਦੇ ਘਰ ਖੁਸ਼ੀਆਂ ਨੱਚਣ, ਭੰਗੜੇ ਪਾਉਣ ਬਹਾਰਾਂ
ਸਾਡੇ ਵਿਹੜੇ ਸੱਥਰ ਪਾਈ, ਆਸਾਂ ਰੋਣ ਹਜ਼ਾਰਾਂ
ਸ਼ੌਕ ਵਿਚਾਰੇ ਪਿੱਟ ਪਿੱਟ ਮਰ ਗਏ, ਅਰਮਾਨਾ ਦੇ ਨਾਲ ਹਾਣੀਆਂ!
ਸਾਡਾ ਮੰਦੜਾ ਹਾਲ ਹਾਣੀਆਂ

ਗ਼ਮ ਜਾਗੇ-ਦਰਦਾਂ ਅੱਖ ਪੁੱਟੀ-ਪੀੜਾਂ ਸੁਰਤ ਸੰਭਾਲੀ
ਤਿੰਨੇਂ ਰਲ ਕੇ, ਪਿਆਰ ਤਿਰੇ ਦੀ ਕਰ ਦੇ ਹਨ ਰਖਵਾਲੀ
ਪਲ ਪਲ ਪਿੱਛੋਂ, ਮੇਰੇ ਦਿਲ ਦੀ, ਕਰਦੇ ਹਨ ਪੜਤਾਲ, ਹਾਣੀਆਂ!
ਸਾਡਾ ਮੰਦੜਾ ਹਾਲ ਹਾਣੀਆਂ

ਚਿਰ ਹੋਇਆ, ਕਰ ਲਏ ਉਡੀਕਾਂ, ਸੋਚਾਂ ਵਿਚ ਟਕਾਣੇਂ
ਖ਼ੁਸ਼ੀਆਂ, ਰੋ ਰੋ ਕੇ ਸੌਂ ਗਈਆਂ, ਤੇਰੀ ਯਾਦ ਸਰ੍ਹਾਣੇਂ
ਤੜਫ਼ਦਿਆਂ ਹੀ ਲੰਘ ਗਿਆ ਹੈ, ਫੇਰ ਐਤਕੀਂ ਸਾਲ ਹਾਣੀਆਂ-
ਸਾਡਾ ਮੰਦੜਾ ਹਾਲ ਹਾਣੀਆਂ

ਇਸ ਜ਼ੋਬਨ ਦੇ ਸਿਖਰ ਦੁਪਹਿਰੇ ਪਰਛਾਵਾਂ ਢਲ ਆਇਐ
ਤੱਤੀ ਲੋਅ ਬਿਰਹੋਂ ਦੀ ਚੱਲੇ, ਰੂਪ ਮਿਰਾ ਕੁਮਲਾਇਐ
ਅੱਖੀਆਂ ਭਰ, ਦਿਲ-ਪੰਛੀ, ਬੈਠੇ! ਮਜ਼ਬੂਰੀ ਦੀ ਡਾਲ ਹਾਣੀਆਂ!
ਸਾਡਾ ਮੰਦੜਾ ਹਾਲ ਹਾਣੀਆਂ
ਡਾਢਾ ਭੈੜਾ ਹਾਲ ਹਾਣੀਆਂ

123/ਦੀਪਕ ਜੈਤੋਈ