ਅਲੱਥ ਮੁੰਡਿਆ
ਮੈਨੂੰ ਜਾਪਦਾ ਤੂੰ ਹੋ ਗਿਐ ਅਲੱਥ ਮੁੰਡਿਆ!
ਵੇ ਤੇਰੇ ਨੱਕ 'ਚ ਪੁਆ ਦਿਆਂਗੀ ਨੱਥ ਮੁੰਡਿਆ
ਤੇਰੇ ਨੈਣਾਂ ਵਿੱਚ ਜਾਪਦੈ ਸ਼ਰਾਰਤੀ ਸਰੂਰ
ਤੇਰੀ ਖੋਪੜੀ 'ਚ ਮੈਨੂੰ ਆਇਆ ਦਿਸਦੈ ਫ਼ਤੂਰ
ਤੇਰਾ ਫਿੱਟ ਗਿਆ ਜਾਪਦਾ ਏ ਰੱਬ ਮੁੰਡਿਆ
ਵੇ ਤੇਰੇ ਨੱਕ 'ਚ......
ਹੋਈ ਜਾਪਦੀ ਉਚੱਕਿਆਂ ਦੇ ਵਾਂਗ ਤੇਰੀ ਤੋਰ
ਸਾਡੇ ਮੂੰਹ ਤੇ ਗੱਲਾਂ ਹੋਰ, ਬੋਲੇਂ ਅੱਗੇ-ਪਿੱਛੇ ਹੋਰ
ਤੇਰੀ ਕਾਸਤੋਂ ਗਈ ਹੈ ਸੰਗ ਲੱਥ ਮੁੰਡਿਆ?
ਵੇ ਤੇਰੇ ਨੱਕ 'ਚ ਪੁਆ.....
ਮੈਂ ਤਾਂ ਸੋਚਦੀ ਸਾਂ, ਹੋਊ! ਕੇਰਾਂ ਹੋ ਗਈ ਜੇ ਭੁੱਲ
ਤੂੰ ਕੀ ਪਾਇਆ ਬੇ ਲਿਹਾਜਾ! ਮੇਰੀ ਸਾਦਗੀ ਦਾ ਮੁੱਲ
ਕਿੱਥੇ ਝੂਠੀਆਂ ਤਸੱਲੀਆਂ 'ਚ ਤੱਥ ਮੁੰਡਿਆ!
ਵੇ ਤੇਰੇ ਨੱਕ 'ਚ ਪੁਆ........
ਮੈਨੂੰ ਤੇਰੀਆਂ ਸ਼ਰਾਰਤਾਂ ਨੇ ਕੀਤੈ ਡਾਢਾ ਤੰਗ
ਜੇ ਮੈਂ ਆਪਣੀ ਤੇ ਆਈ ਤੇਰਾ ਉੱਡ ਜਾਣੈਂ ਰੰਗ
ਫੇਰ ਮੇਰੇ ਅੱਗੇ ਜੋੜੇਗਾ ਤੂੰ ਹੱਥ ਮੁੰਡਿਆ-
ਵੇ ਤੇਰੇ ਨੱਕ 'ਚ ਪੁਆ.......
ਭੋਰਾ ਲਾਲਚੀ ਪਛਾਣੇਂ ਕਿੱਦਾਂ ਫੁੱਲਾਂ ਦਾ ਪਿਆਰ
ਤੂੰ ਕੀ ਜਾਣਦਾ ਏਂ ਦੀਪਕਾ! ਪਤੰਗਿਆਂ ਦੀ ਸਾਰ
ਕਾਹਤੋਂ ਬੂਹੇ ਉੱਤੇ ਬੈਠੇਂ ਪਾਕੇ ਸੱਥ ਮੁੰਡਿਆ-
ਵੇ ਤੇਰੇ ਨੱਕ 'ਚ ਪੁਆ ਦਿਆਂਗੀ ਨੱਥ ਮੁੰਡਿਆ
ਵੇ ਮੈਨੂੰ ਜਾਪਦੈ ਤੂੰ ਹੋ ਗਿਐਂ ਅਲੱਥ ਮੁੰਡਿਆ
122/ਦੀਪਕ ਜੈਤੋਈ