ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਣਕਾਂ ਪੱਕੀਆਂ
ਕਣਕਾਂ ਪੱਕੀਆਂ ਚੰਨਾਂ-ਵੇ ਆਸਾਂ ਥੱਕੀਆਂ ਚੰਨਾਂ
ਵੇ ਅੜਿਆ! ਫੇਰਾ ਤਾਂ ਪਾ
ਦਾਣਿਆਂ ਦੇ ਨਾਲ ਭਾਵੇਂ ਭਰੀਐਂ ਬੁਖਾਰੀਆਂ
ਭੁੱਖੀਆਂ ਨੇ ਚੰਨਾ ਸਭ ਸਧਰਾਂ ਵਿਚਾਰੀਆਂ
ਅੱਖਾਂ ਪੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ
ਵੇ ਅੜਿਆ ਫੇਰਾ ਤਾਂ ਪਾ!
ਦਾਣਿਆਂ ਦਾ ਚੰਨਾਂ ਛੰਨਾਂ ਵੰਡਾਂ ਮੈਂ ਗ਼ਰੀਬਾਂ ਨੂੰ
ਕਦੀ ਜਾਗ ਆਵੇ, ਮੇਰੇ ਸੁੱਤਿਆਂ ਨਸੀਬਾਂ ਨੂੰ
ਪੀਹਾਂ ਚੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ
ਵੇ ਅੜਿਆ ਫੇਰਾ ਤਾਂ ਪਾ!
ਰੋਈ ਰੋਈ ਜਾਂਵਾਂ, ਜਦੋਂ ਰੋਟੀਆਂ ਪਕਾਵਾਂ ਵੇ
ਲੈਂਦੀਐਂ ਉਛਾਲੇ ਨੈਣਾਂ ਸੈਂਕੜੇ ਝਣਾਵਾਂ ਵੇ
ਮਰ-ਕੇ ਡੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ
ਵੇ ਅੜਿਆ ਫੇਰਾ ਤਾਂ ਪਾ!
ਭਾਬੀ ਮੇਰੀ, ਵੀਰੇ ਨਾਲ, ਹੱਸਦੀ ਚੁਬਾਰੇ ਵੇ
ਮੇਰਾ ਚਿੱਤ ਸੁਹਣਿਆਂ, ਆਵਾਜ਼ਾਂ ਤੈਨੂੰ ਮਾਰੇ ਵੇ
ਰਾਹਾਂ ਤੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ
ਤੂੰ ਅੜਿਆ ਫੇਰਾ ਤਾਂ ਪਾ!
ਕਣਕਾਂ ਪੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ
ਤੂੰ ਅੜਿਆ ਫੇਰਾ ਤਾਂ ਪਾ!
124/ਦੀਪਕ ਜੈਤੋਈ