ਤ੍ਰਿੰਝਣਾ ਦੇ ਵਿਚ
ਤ੍ਰਿੰਝਣਾ ਦੇ ਵਿਚ ਚਰਖੇ ਘੂਕਣ, ਗੋਰੀ ਗਾਵੇ ਗੀਤ ਕੁੜੇ!
ਕੋਈ ਤੋੜ ਗਿਆ ਹੈ ਪ੍ਰੀਤ ਕੁੜੇ!
ਤੱਕਲੇ ਤੇ ਜਦ ਤੰਦ ਵਲ੍ਹੇਟੇ ਚੂੜੇ ਵਾਲੀ ਵੀਣੀਂ
ਸੀਨੇ ਦੇ ਵਿੱਚ ਤਾਂਘ ਮਿਲਣ ਦੀ, ਹੋ ਜਾਏ ਦੂਣੀਂ ਤੀਣੀਂ
ਕਹੇ ਨਿਰਾਸ਼ਾ! ਪਰਦੇਸੀ ਦੀ ਕੀ ਹੁੰਦੀ ਹੈ ਪ੍ਰੀਤ ਕੁੜੇ
ਕੋਈ ਤੋੜ ਗਿਆ ਹੈ..........
ਸੋਚਾਂ ਰਲ ਕੇ, ਹਰ ਨਖ਼ਰੇ ਤੋਂ, ਖਹੁ ਘੱਤੀ ਮਗਰੂਰੀ
ਹਰ ਸਾਹ ਹੌਂਕਾ ਬਣ ਕੇ ਦੱਸਦੈ, ਇਸ ਦਿਲ ਦੀ ਮਜ਼ਬੂਰੀ
ਕਲੀਆਂ ਉੱਤੇ ਭੋਰੇ ਗੂੰਜਣ, ਨਿੱਕਲ ਜਾਵੇ ਸੀਤ ਕੁੜੇ
ਕੋਈ ਤੋੜ ਗਿਆ ਹੈ.........
ਵਿਆਕੁਲ ਮਨ ਨੂੰ ਕਿੱਥੋਂ ਤੀਕਰ, ਯਾਦਾਂ ਦੇਣ ਸਹਾਰਾ
ਦਿਲ ਦੀਆਂ ਛੱਲਾਂ ਤੋੜ ਨਾ ਸਿੱਟਣ ਕਿਧਰੇ ਸਬਰ ਕਿਨਾਰਾ
ਏਸੇ ਚਿੰਤਾ ਦੇ ਵਿੱਚ ਜਿਉੜਾ, ਰਹਿੰਦਾ ਹੈ ਭੈਅ ਭੀਤ ਕੁੜੇ
ਕੋਈ ਤੋੜ ਗਿਆ ਹੈ...........
ਤਾਂਘ ਮਿਲਣ ਦੀ ਪਿਆਰ ਨਗਰ ਵਿਚ, ਪਾਵੇ ਰਾਮ-ਦੁਹਾਈ
ਖ਼ਬਰੈ ਇਹ ਬੇਦਰਦ ਜ਼ਮਾਨਾ, ਕਿਉਂ ਨਾ ਕਰੇ ਸੁਣਾਈ।
ਇਸ ਦੁਨੀਆਂ ਵਿੱਚ ਮਤਲਬ ਤੋਂ ਬਿਨ, ਕੌਣ ਕਿਸੇ ਦਾ ਮੀਤ ਕੁੜੇ
ਕੋਈ ਤੋੜ ਗਿਆ ਹੈ............
ਦਿਲ ਵਿੱਚੋਂ ਇਕ ਧੂੰਆਂ ਉੱਠੇ ਸੀਨੇ ਸੰਗ ਟਕਰਾਵੇ
ਨੈਣਾਂ ਦਾ ਮੀਂਹ ਅੱਗ ਹਿਜਰ ਦੀ ਮੁੜ ਮੁੜ ਕੇ ਭੜਕਾਵੇ
ਦੀਪਕ ਵਾਂਗੂੰ ਤਿਲ ਤਿਲ ਬਲ ਕੇ, ਹੋ ਗਈ ਉਮਰ ਬਤੀਤ ਕੁੜੇ
ਕੋਈ ਤੋੜ ਗਿਆ ਹੈ ਪ੍ਰੀਤ ਕੁੜੇ
ਇਕ ਗੋਰੀ ਗਾਵੇ ਗੀਤ ਕੁੜੇ
127/ਦੀਪਕ ਜੈਤੋਈ