ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚੰਨ ਮਾਹੀ
ਨੀ ਮੇਰੇ ਚੰਨ ਮਾਹੀ ਨੂੰ ਨਾ ਨਿੰਦ ਭਾਬੋ ਮੇਰੀਏ
ਨੀ ਮੈਨੂੰ ਤਾਂ ਇਹ ਪੁੱਜ ਕੇ ਪਸਿੰਦ ਭਾਬੋ ਮੇਰੀਏ
ਕਿੰਨਾਂ ਕੁ ਜਹਾਨ ਉੱਤੇ ਖਾਣਾ ਹੈ ਜਾਂ ਖੱਟਣਾ
ਬਹੁਤੇ ਸੁਹਣਿਆਂ ਦਾ ਕਿਸੇ ਰੂਪ ਨਹੀਂ ਚੱਟਣਾ
ਫੁੱਲਾਂ ਵਾਂਗੂੰ ਰੱਖੇ, ਮੇਰੀ ਜ਼ਿੰਦ ਭਾਬੋ ਮੇਰੀਏ
ਨੀ ਮੈਨੂੰ ਤਾਂ ਇਹ ਪੁੱਜ ਕੇ ...........
ਮੰਨਿਆਂ ਇਹ ਮੈਨੂੰ ਟੂਮਾਂ ਨਾਲ ਨਈਂ ਸ਼ਿੰਗਾਰ ਦਾ
ਉਂਜ ਤਾਂ ਸੁਗੰਧ ਤੇਰੀ, ਰੱਜ ਕੇ ਹੈ ਪਿਆਰ ਦਾ
ਉਹਦੇ ਬਿਨਾ ਔਖਾ-ਰਹਿੰਣਾ ਬੰਦ ਭਾਬੋ ਮੇਰੀਏ
ਨੀ ਮੈਨੂੰ ਤਾਂ ਇਹ ਪੁੱਜ ਕੇ...........
ਇੱਕ ਇੱਕ ਬੋਲ ਉਹਦਾ, ਮਿੱਠਾ ਮਿੱਠਾ ਗੀਤ ਨੀ
ਉਹਦੇ ਨਾਲ ਮੇਰੀ, ਸੱਚੇ ਦਿਲੋਂ ਹੈ ਪ੍ਰੀਤ ਨੀ
ਤੇਰੇ ਮੇਰੇ ਸੰਗ ਹੈ- ਗੋਬਿੰਦ ਭਾਬੋ ਮੇਰੀਏ
ਨੀ ਮੈਨੂੰ ਤਾਂ ਇਹ ਪੁੱਜ ਕੇ............
ਚੰਨ ਤੋਂ ਭੀ ਉੱਚੀਆਂ ਨੇ ਉਹਦੀਆਂ ਉਡਾਰੀਆਂ
ਹਵਾ ਉਤੇ ਕੀਤੀਆਂ ਨੇ ਮੈਂ ਵੀ ਅਸਵਾਰੀਆਂ
ਉਹਦੇ ਉੱਤੇ ਲੱਟੂ, ਸਾਰੀ ਹਿੰਦ ਭਾਬੋ ਮੇਰੀਏ
ਨੀ ਮੈਨੂੰ ਤਾਂ ਹੈ ਰੱਜ ਕੇ ਪਸਿੰਦ ਭਾਬੋ ਮੇਰੀਏ
ਮੇਰੇ ਚੰਨ ਮਾਹੀ ਨੂੰ ਨਾ ਨਿੰਦ ਭਾਬੋ ਮੇਰੀਏ
131/ਦੀਪਕ ਜੈਤੋਈ