ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਲਾ ਮੇਰੇ ਮਾਹੀਏ ਦਾ

ਮੇਰੀ ਉਂਗਲੀ ਦੇ ਆ ਗਿਆ ਮੇਚ,
ਨੀ ਛੱਲਾ ਮੇਰੇ ਮਾਹੀਏ ਦਾ
ਕਿਸੇ, ਘੜਿਐ ਨਾਲ ਉਚੇਚ,
ਨੀ ਛੱਲਾ ਮੇਰੇ ਮਾਹੀਏ ਦਾ

ਆਸੇ-ਪਾਸੇ ਛੱਲੇ ਦੇ ਰਵਾਲ ਕੀਤੀ ਹੋਈ ਏ
ਇਹ ਤਾਂ ਸੁਨਿਆਰੇ ਨੇ ਕਮਾਲ ਕੀਤੀ ਹੋਈ ਏ
ਟੀਸੀ ਉੱਤੇ ਘੁੰਗਰੂ ਤੇ ਘੁੰਗਰੂ ਵੀ ਤਾਜ ਵਾਲੇ-
ਪਾਜ਼ ਵਾਲੀ ਥਾਂ ਤੇ ਲਾਇਆ ਪੇਚ!
ਨੀ ਛੱਲਾ ਮੇਰੇ ਮਾਹੀਏ ਦਾ..........

ਮਾਹੀ ਵੀ ਮਲੂਕ, ਉਹਦਾ ਛੱਲਾ ਹੌਲਾ ਫੁੱਲ ਨੀ
ਛੱਲਾ ਪਾਕੇ ਹੱਥ ਉਤੇ, ਰੂਪ ਜਾਂਦਾ ਡੁੱਲ੍ਹ ਨੀ
ਚੀਚੀ ਵਾਲੇ ਛੱਲੇ ਸਾਹਵੇਂ, ਗੂਠੇ ਵਾਲੀ ਆਰਸੀ ਵੀ
ਜਾਪਦੀ ਸਹੇਲੀਉ ਨੀ ਹੇਚ!
ਨੀ ਛੱਲਾ ਮੇਰੇ ਮਾਹੀਏ ਦਾ..........

ਜੇਠ ਹੈ ਸ਼ਰਾਬੀ ਤੇ ਦਿਉਰ ਝੂਠੇ ਬਾਜ ਨੀ
ਵੈਲੀਆਂ ਨੂੰ ਕਾਹਦਾ ਕਿਸੇ ਚੀਜ਼ ਦਾ ਲਿਹਾਜ਼ ਨੀ
ਜਾਨ ਤੋਂ ਵੀ ਪਿਆਰਾ, ਇਹਨੂੰ ਸਾਂਭ ਸਾਂਭ ਰੱਖਦੀ ਹਾਂ
ਦੇਵੇਂ ਨਾ ਚੁਰਾ ਕੇ ਕੋਈ ਵੇਚ!
ਨੀ ਛੱਲਾ ਮੇਰੇ ਮਾਹੀਏ ਦਾ..........

ਹਾਸੇ ਭਾਣੇਂ ਕੱਲ੍ਹ ਕਿਤੇ ਲਾਹ ਲਿਆ ਨਨਾਣ ਨੇ
ਰੱਖ ਦਿੱਤਾ ਬੋਚ ਕੇ ਸੰਦੂਕ 'ਚ ਰਕਾਣ ਨੇ
ਸੱਚੀਂ-ਮੁੱਚੀ ਕੱਚੀ ਹੋਕੇ ਓਦੋਂ ਮੈਨੂੰ ਦੱਸਿਆ ਸੂ
ਗੱਲ ਜਾਪੀ ਹੁੰਦੀ ਜਾਂ ਕਪੇਚ!
ਨੀ ਛੱਲਾ ਮੇਰੇ ਮਾਹੀਏ ਦਾ.......
ਮੇਰੀ ਉਂਗਲੀ ਦੇ ਆ ਗਿਆ ਮੇਚ-
ਨੀ ਛੱਲਾ..........

130/ਦੀਪਕ ਜੈਤੋਈ