ਤੀਆਂ ਵੇਖ ਆਈਏ
ਆ ਨੀ! ਭਾਬੀ ਮੇਰੇ ਸੰਗ-ਆਪਾਂ ਤੀਆਂ ਵੇਖ ਆਈਏ!
ਬਿੰਦ ਹੱਸ-ਖੇਡ ਆਈਏ, ਝੱਟ ਚਿੱਤ ਪਰਚਾਈਏ!
ਕਾਹਤੋਂ ਬੈਠੀ ਏਂ ਸ਼ੁਕੀਨਣੇਂ ਨੀ ਹੋਕੇ ਤੂੰ ਉਦਾਸ
ਚੱਲ! ਗਿੱਧੇ ਵਿੱਚ ਕੱਢਾਂਗੀਆਂ, ਦਿਲਾਂ ਦੀ ਭੜਾਸ
ਪਾਕੇ ਬੋਲੀਆਂ, ਨਮਾਣੇਂ ਸ਼ੌਕ-ਨੱਚਣੇ ਸਿਖਾਈਏ!
ਆਪਾਂ ਤੀਆਂ ਵੇਖ ਆਈਏ!
ਦੋਵੇਂ ਨੱਚਾਂਗੀਆਂ ਕੱਠੀਆ ਤਾਂ ਹੋਊਗੀ ਕਮਾਲ
ਅੱਜ ਗਿੱਧੇ ਦੇ ਵਿਚਾਲੇ, ਪਾਉਣੀ ਰੱਜ ਕੇ ਧਮਾਲ
ਨੀ ਨਜ਼ਾਕਤਾਂ ਦੇ ਨਾਲ, ਗਿੱਧਾ ਪਾਉਣ ਆ-ਨਚਾਈਏ
ਆਪਾਂ ਤੀਆਂ ਵੇਖ ਆਈਏ!
ਪਾ ਕੇ ਪਿੱਪਲੀ ਤੇ ਪੀਂਘ, ਲਈਏ ਮੌਜ ਦੇ ਹੁਲਾਰੇ
ਮੇਰੀ ਚੁੰਨੀ ਦੇ ਸਿਤਾਰੇ, ਓਦੋਂ ਪਾਉਣ ਲਿਸ਼ਕਾਰੇ
ਸੂਹੇ ਪੱਬਾਂ ਦੇ ਨਿਸ਼ਾਨ, ਕਾਲੇ ਬੱਦਲਾਂ ਤੇ ਪਾਈਏ!
ਆਪਾਂ ਤੀਆਂ ਵੇਖ ਆਈਏ।
ਤੂੰ ਤਾਂ ਘੁੰਡ ਲਈਂ ਕੱਢ, ਭਾਬੀ ਬੰਨ੍ਹ ਲੂੰ ਮੈਂ ਪੱਗ
ਓਦੋਂ ਸਾਡੀਆਂ ਉਮੰਗਾਂ ਨੂੰ ਵੀ ਖੰਭ ਜਾਣੇਂ ਲੱਗ
ਫੇਰ ਜਿੱਥੇ ਚਿੱਤ ਚਾਹੇ, ਓਥੇ ਉਡ ਪੁਡ ਜਾਈਏ
ਆਪਾਂ ਤੀਆਂ ਵੇਖ ਆਈਏ!
ਆਪੋ-ਵਿੱਚੀ ਆਪਾਂ, ਇੱਲਤਾਂ ਦਾ ਮਾਣੀਏਂ ਸੁਆਦ
ਆਪੇ ਪੂਰੀ ਕਰੂ ਰੱਬ ਮੇਰੇ ਚਿੱਤ ਦੀ ਮੁਰਾਦ
ਆਪਾਂ 'ਸੁਹਣੀ' ਤੇ 'ਸਲੇਟੀ' ਵਾਂਗੂੰ ਸਾਂਗ ਤਾਂ ਰਚਾਈਏ
ਆ-ਨੀ ਭਾਬੀ ਮੇਰੇ ਸੰਗ, ਆਪਾਂ ਤੀਆਂ ਵੇਖ ਆਈਏ
ਬਿੰਦ ਹੱਸ-ਖੇਡ ਆਈਏ, ਝੱਟ ਚਿੱਤ ਪਰਚਾਈਏ
135/ਦੀਪਕ ਜੈਤੋਈ