ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੜਾ ਦੇ ਹੌਲਦਲੀ

ਮੇਰੇ ਪੈਣ ਕਲੇਜੇ ਹੌਲ, ਘੜਾ ਦੇ "ਹੌਲਦਲੀ"1
ਨਿੱਤ ਨਾ ਕਰਿਆ ਕਰ ਘੌਲ, ਘੜਾ ਦੇ ਹੌਲਦਲੀ
ਮੋਰਨੀ ਉਲੀਕੇ ਉੱਤੇ, ਆਖੀਂ ਸੁਨਿਆਰੇ ਨੂੰ
ਬਾਜਰੇ ਦੇ ਸਿੱਟੇ ਵਾਂਗ ਚਿੱਤਰੇ ਕਿਨਾਰੇ ਨੂੰ
ਨਾਲੇ ਘੜੇ ਸਪੱਧਰ ਡੋਲ੍ਹੋ
ਘੜਾ ਦੇ ਹੌਲਦਲੀ!

ਆਪ ਤਾਂ ਤੂੰ ਰੇਸ਼ਮੀਂ ਪੁਸ਼ਾਕਾਂ ਪਾਈ ਰੱਖਦੈਂ
ਮੈਨੂੰ ਜੱਟਾ ਐਵੇਂ, ਲਾਰਾ ਲੱਪਾ ਲਾਈ ਰੱਖਦੈਂ
ਮੈਨੂੰ ਲੋਕੀ ਕਰਨ ਮਖ਼ੌਲ-ਘੜਾ ਦੇ ਹੌਲਦਲੀ
ਮੇਰੇ ਪੈਣ ਕਲੇਜੇ ਹੌਲ.........

ਏਹੋ ਵੇਲਾ ਹੁੰਦੈ ਚੰਨਾ ਖਾਣ ਤੇ ਹੰਢਾਉਣ ਦਾ
ਅੱਖੀਆਂ ਦੇ ਨਾਲ, ਅੱਗ ਸੀਨੇ ਵਿਚ ਲਾਉਣ ਦਾ
ਮੁੜ ਰਹਿੰਦੈ ਕਦੋਂ ਮਾਹੌਲ-ਘੜਾ ਦੇ ਹੌਲਦਲੀ
-ਮੇਰੇ ਪੈਣ ਕਲੇਜੇ ਹੌਲ........

ਜਿਹੜੀਆਂ ਦੇ ਸੋਨੇ ਦੀਆਂ ਟੂਮਾਂ ਪਾਈਆਂ ਹੋਈਆਂ ਨੇ
ਉਹਨਾਂ ਦੀਆਂ ਹਿੱਕਾਂ ਤੇ ਬਹਾਰਾਂ ਆਈਆਂ ਹੋਈਆਂ ਨੇ
ਮੇਰੇ ਦਿਲ ਦਾ ਸੁੱਕਿਆ ਕੌਲ! ਘੜਾ ਦੇ ਹੌਲਦਲੀ
ਮੇਰੇ ਪੈਣ ਕਲੇਜੇ ਹੌਲ.........

ਰਾਮ ਲੀਲਾ ਪਿੱਛੋਂ ਮੈਂ ਦਸਹਿਰਾ ਵੀ ਮਨਾਵਾਂਗੀ
ਓਦੇਂ ਸ਼ੌਕ ਨਾਲ ਵੇ ਮੈਂ ਰਿੰਨ੍ਹ ਕੇ ਖੁਆਵਾਂਗੀ
ਤੈਨੂੰ ਵਾਸਮਤੀ ਦੇ ਚੌਲ, ਘੜਾ ਦੇ ਹੌਲਦਲੀ
ਮੇਰੇ ਪੈਣ ਕਲੇਜੇ ਹੌਲ! ਘੜਾ ਦੇ ਹੌਲਦਲੀ!
ਨਿੱਤ ਨਾ ਕਰਿਆ ਕਰ ਘੌਲ! ਘੜਾ ਦੇ ਹੌਲਦਲੀ

1. ਇੱਕ ਤਿਕੌਣੇ ਆਕਾਰ ਦੀ ਚੀਨੀ ਜਾਂ ਕੱਚ ਦੀ ਟੁਕੜੀ, ਜੋ ਸੋਨੇ 'ਚ ਮੜ੍ਹਾ ਕੇ ਸੁਆਣੀਆਂ ਗਲ 'ਚ ਪਾਉਂਦੀਆਂ ਸਨ, ਚਾਰ ਤਵੀਤ, ਚਾਰਾ ਦਾਖਾਂ ਉਸ ਦੇ ਦੋਹੀਂ ਪਾਸੇ ਪਰੋਈਆਂ ਹੁੰਦੀਆਂ ਵਿਚਕਾਰ ਹੌਲਦਲੀ ਹੁੰਦੀ ਪੇਂਡੂ ਜਨਾਨੀਆਂ ਦੇ ਗਲ਼ਾਂ 'ਚ ਉਹ ਜੇਵਰ "ਰਾਣੀ ਹਾਰ" ਵਾਂਗ ਸੋਭਾ ਪਾਉਂਦਾ!

ਦੀਪਕ

134/ਦੀਪਕ ਜੈਤੋਈ