ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਉਂ ਹੋਈ ਦੀਪਕ ਜੈਤੋਈ ਜੀ ਨਾਲ 'ਪਛਾਣ', ਤੇ 'ਜਾਣ' ਤਾਂ ਮੈਂ ਉਹਨਾਂ ਨੂੰ ਪਹਿਲੋਂ ਹੀ ਚੁੱਕਾ ਸਾਂ, ਜਦੋਂ ਉਹ ਇਕ ਵਾਰ ਸਾਹਿਤ ਸਭਾ ਫਰੀਦਕੋਟ ਦੇ ਸਮਾਰੋਹ ਵਿਚ ਆਏ ਸਨ। ਉਨ੍ਹਾਂ ਦੇ ਕਿਸੇ ਚੇਲੇ ਨੇ ਉਹਨਾਂ ਨੂੰ ਸਮਾਗਮ ਤੋਂ ਪਹਿਲਾਂ ਹੀ ਪਿਲਾ ਦਿੱਤੀ ਹੋਈ ਸੀ ਤੇ ਉਹ ਸਾਰੇ ਸਮਾਗਮ ਵਿਚ ਹੀ ਆਪਣੀ ਪੀਤੀ ਹੋਈ 'ਖ਼ਰੀ' ਕਰਦੇ ਰਹੇ। ਕਚਘਰੜ ਸ਼ਾਇਰਾਂ ਨੂੰ ਬੇਲੋੜੀ ਦਾਦ ਦੇਂਦੇ ਰਹੇ ਸਨ।

ਪਹਿਲੀ ਵਾਰੀ ਦੇਖਿਆ ਤਾਂ ਲੜਖੜਾਂਦੇ ਕਦਮ, ਮੈਲਾ ਜਿਹਾ ਕੁੜਤਾ-ਪਜਾਮਾ, ਪਗੜੀ ਵੀ ਕੋਈ ਬਹੁਤ ਚੰਗੀ ਨਹੀਂ ਸੀ, ਮੈਲੀਆਂ ਐਨਕਾਂ, ਹੱਥ ਵਿਚ ਉਹੋ ਖੂੰਡਾ, ਮੋਢੇ ਝੋਲ਼ਾ, ਇਕ ਜਣਾ ਉਹਨਾਂ ਦੀ ਉਂਗਲੀ ਫੜੀ ਫਿਰਦਾ ਸੀ, ਜਿਵੇਂ ਦਿਸਣੋਂ ਉੱਕਾ ਈ ਬੰਦ ਹੋ ਗਿਆ ਹੋਵੇ, ਉਹਨਾਂ ਨੂੰ! ਪਰ ਦਿਸਦਾ ਸੀ ਕਾਫ਼ੀ ਤੇ ਚੰਗਾ-ਭਲਾ। ਮੈਂ ਕਿਸੇ ਨੂੰ ਪੁੱਛਿਆ ਸੀ, "ਏਹ ਬਾਪੂ ਜੀ ਕੌਣ ਨੇ?"

ਦੱਸਣ ਵਾਲੇ ਨੇ ਦੱਸਿਆ ਸੀ, "ਏਹ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਜਨਾਬ ਦੀਪਕ ਜੈਤੋਈ ਜੀ ਹਨ।"

ਮੈਂ ਯਕਦਮ ਹੈਰਾਨ ਹੋ ਗਿਆ, "ਅੱਛਾ... ਅੱਛਾ... ਕਮਾਲ ਐ, ਨਾਂ ਤਾਂ ਬਹੁਤ ਸੁਣਿਐ... ਫੋਟੋ ਵੀ ਇਕ ਅੱਧ ਵਾਰ ਦੇਖੀ ਸੀ ਅਖ਼ਬਾਰ ਵਿਚ ਪਰ ਕਮਾਲ ਐ, ਕਿਹੋ-ਜਿਹਾ ਹੁਲੀਆ ਐ, ਨਾਂ ਕਿੰਨਾ ਵੱਡੈ। ਬਹੁਤ ਮਾਣਯੋਗ...!"

ਤੇ ਜਦੋਂ ਉਹਨਾਂ ਆਪਣੀ ਗੜ੍ਹਕਵੀਂ ਆਵਾਜ਼ ਤੇ ਵਿਲੱਖਣ ਅਦਾ ਨਾਲ ਮੰਚ ਉੱਤੇ ਗ਼ਜ਼ਲ ਪੜ੍ਹਨੀ ਸ਼ੁਰੂ ਕੀਤੀ:

ਸਮੇਂ ਨੇ ਸਿਰ 'ਤੇ ਹੈ ਸੱਟ ਮਾਰੀ
ਮੈਂ ਮੁਸਕਰਾਇਆ ਹਾਂ, ਜਰ ਗਿਆ ਹਾਂ
ਜ਼ਮਾਨਾ ਕਿਧਰੇ ਨਾ ਗ਼ਲਤ ਸਮਝੇ ਮੈਨੂੰ
ਕਿ ਮੈਂ ਜ਼ਮਾਨੇ ਤੋਂ ਡਰ ਗਿਆ ਹਾਂ...

ਸਰੋਤੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨ ਲੱਗੇ ਸਨ। ਬਾਬਾ ਸਾਰਾ ਸਮਾਗਮ ਲੁੱਟ ਕੇ ਲੈ ਗਿਆ ਸੀ।

ਇਸ ਪਿੱਛੋਂ ਦੀਪਕ ਜੀ ਨੂੰ ਬੜੇ ਥਾਈਂ ਮਿਲਣ ਦਾ ਮੌਕਾ ਮਿਲਦਾ ਰਿਹਾ। ਇਕ ਵਾਰ ਮਾਲਵਾ ਸਾਹਿਤ ਕੇਂਦਰ ਕੋਟਕਪੂਰਾ ਦੇ ਸਮਾਰੋਹ ਦੌਰਾਨ ਉਹ ਸ਼ਾਇਰ ਸੰਪੂਰਨ ਸਿੰਘ ਝੱਲਾ ਨਾਲ ਕਿਸੇ ਗੱਲੋਂ ਜ਼ਿੱਦ ਰਹੇ ਸਨ। ਅੱਗੋਂ ਝੱਲਾ ਵੀ ਕਿਹੜਾ ਘੱਟ ਸੀ। ਦੋਵੇਂ ਬੁੱਢੜੇ ਰੱਜ-ਰੱਜ ਕੇ ਖ਼ਦੂਦ ਪਾ ਰਹੇ ਸਨ। ਦੇਖਣ ਵਾਲੇ ਕੁਝ ਲੇਖਕ ਨਜ਼ਾਰਾ ਮਾਣ ਰਹੇ ਸਨ। ਕੁਝ ਖ਼ਫ਼ਾ ਹੋ ਰਹੇ ਸਨ। ਪ੍ਰਿੰ. ਫੌਜਾ ਸਿੰਘ ਬਰਾੜ ਨੇ ਆਖਿਆ, "ਸਾਲ਼ੇ ਮੂਰਖ਼ ਨੇ ਦੋਵੇਂ ਈ... ਧੌਲ਼ੇ ਝਾਟੇ ਤੇ ਖੇਹ ਆਟੇ... ਜਿੱਥੇ ਵੀ ਜਾਂਦੇ ਐ ਹਰ ਥਾਂ ਇਵੇਂ ਹੀ ਕੁੱਕੜ ਖੇਹ ਉਡਾਉਂਦੇ ਐ... ਕੋਈ ਡਾਂਗ ਫੇਰਨ ਵਾਲਾ ਹੋਵੇ, ਫੇਰ ਪਤਾ ਲੱਗੇ ਏਹਨਾਂ ਨੂੰ...।"

12/ਦੀਪਕ ਜੈਤੋਈ