ਛੱਡ ਮੇਰਾ ਪੱਲਾ
ਰਾਹ ਦੇ ਵਿੱਚੋਂ ਹੋ ਜਾ ਪਾਸੇ, ਛੇਤੀ ਛੱਡ ਮੇਰਾ ਪੱਲਾ
ਮੈਂ ਚੱਲੀ ਹਾਂ ਸਨੀਮੇਂ, ਤੂੰ ਹੀ ਬਹਿਜਾ ਘਰੇ ਕੱਲਾ
ਮੈਨੂੰ ਜਾਂਦਿਆਂ ਨਾ ਰੋਕ! ਏਸੇ ਵਿੱਚ ਹੈ ਭਲਾਈ
ਨਈਂ ਤਾਂ ਤੇਰੀ ਮੇਰੀ ਹੋਊ, ਅੱਜ ਰੱਜਵੀਂ ਲੜਾਈ
ਮੇਰੀ ਵੀਣੀਂ ਨਾ ਮਰੋੜ! ਊਈ-ਊਈ! ਅੱਲ੍ਹਾ-ਅੱਲ੍ਹਾ!
ਮੈਂ ਤਾਂ ਚੱਲੀ ਹਾਂ ਸਨੀਮੇਂ
ਮੇਰੇ ਸਿੱਧ ਸੁੱਟੇ ਸ਼ੌਕ ਰੱਖੇਂ ਭੋਰਾ ਨ ਖ਼ਿਆਲ
ਪਾਵੇਂ ਮੇਰੀਆਂ ਉਡਾਰੀਆਂ ਤੇ ਬੰਦੇ-ਝੱਟੇ ਜਾਲ
ਤੂੰ ਵੀ ਖੇਡ ਕੇ ਵਖਾਈਂ, ਖਿੱਦੋ-ਖੂੰਡੀ ਗੇਂਦ ਬੱਲਾ
ਮੈਂ ਤਾਂ ਚੱਲੀ ਹਾਂ ਸਨੀਮੇਂ
ਤੈਨੂੰ ਰੱਬ ਦੇਵੇ ਮੱਤ! ਏਨੀਂ ਗੱਲ ਤਾਂ ਵਿਚਾਰ
ਕਿੱਦਾਂ ਬੰਦਸ਼ਾਂ 'ਚ ਆਊ ਵੇ ਜਵਾਨੀ ਤੇ ਨਿਖਾਰ
ਮੈਨੂੰ ਦੱਸਦਾ ਏਂ ਝੱਲੀ, ਤੂੰ ਜ਼ਮਾਨੇ ਦਾ ਹੈ ਝੱਲਾ!
ਮੈਂ ਤਾਂ ਚੱਲੀ ਹਾਂ ਸਨੀਮੇਂ
ਮੈਨੂੰ ਹੱਥ ਲਾਵੇ ਕੋਈ ਕਿਹੜੇ ਸ਼ੁਹਦੇ ਹੀ ਮਜ਼ਾਲ
ਮੁੱਕੀ ਵਟ ਕੇ ਜੋ ਮਾਰਾਂ ਤਾਂ ਪੁਚਾ ਦਿਆਂ ਪਤਾਲ
ਜਿਹੜਾ ਵੱਧ ਘੱਟ ਬੋਲੇ ਉਹਦੀ ਟਿੰਡ ਮੇਰਾ ਖੱਲਾ
ਮੈਂ ਤਾਂ ਚੱਲੀ ਹਾਂ ਸੁਨੀਮੇਂ
ਭਾਵੇਂ ਟੁੱਟ-ਫੁੱਟ ਹੋ ਜੇ, ਨਹੀਂ ਮੰਨਣੀ ਮੈਂ ਈਨ
ਏਨਾਂ ਰੱਖੀ ਦਾ ਨਈਂ ਸ਼ੱਕ, ਚੰਨਾਂ ਚਾਹੀਦੈ ਯਕੀਨ
ਤੇਰਾ ਰੰਗ-ਢੰਗ ਦੀਪਕਾ! ਹੈ ਜੱਗ ਤੋਂ ਅਵੱਲਾ
ਮੈਂ ਤਾਂ ਚੱਲੀ ਹਾਂ ਸਨੀਮੇਂ
ਤੂੰ ਹੀ ਬਹਿ ਜਾ ਘਰੇ ਕੱਲਾ
ਛੇਤੀਂ ਛੱਡ ਮੇਰੀ ਵੀਣੀਂ
ਛੇਤੀਂ ਛੱਡ ਮੇਰਾ ਪੱਲਾ
141/ਦੀਪਕ ਜੈਤੋਈ