ਪੈਰ ਬੋਚ ਕੇ
ਪੈਰ ਬੋਚ ਕੇ ਧਰੀਂ ਤੂੰ ਮੁਟਿਆਰੇ!
ਨੀ ਵੇਖੀਂ ਕੋਈ ਚੰਦ ਚੜ੍ਹ ਜੇ
ਹਾੜਾ ਰੋਕ ਲੈ ਸ਼ਰਾਰਤੀ ਇਸ਼ਾਰੇ,
-ਨੀ ਵੇਖੀਂ ਕੋਈ ਚੰਦ ਚੜ੍ਹ ਜੇ
ਮੁਖੜੇ ਤੋਂ ਪਾਸੇ ਲਿਟਾਂ ਕਾਲੀਆਂ ਨਾ ਜਾਂਦੀਆਂ
ਤੇਰੇ ਕਾਬੂ ਵਿੱਚ ਇਹ ਨਜ਼ਾਕਤਾਂ ਨਾ ਆਂਦੀਆਂ
ਤੇਰੇ ਅੰਗ ਅੰਗ ਵਿੱਚ ਦਿੱਸੇ-
-ਸ਼ੋਖੀਆਂ ਦਾ ਨਾਚ ਹੁੰਦਾ-
ਡਿੱਗਦੇ ਅਦਾਵਾਂ ਚੋਂ ਸ਼ਰਾਰੇ
ਨੀ ਵੇਖੀਂ ਕੋਈ ਚੰਦ ਚੜ੍ਹ ਜੇ
ਮੰਨਿਆਂ ਜਵਾਨੀ ਨਾ ਸਹਾਰਦੀ ਪਾਬੰਦੀਆਂ
ਫੁੱਲਾਂ ਵਿੱਚੋਂ ਆਉਂਦੀਆਂ ਈ ਹੁੰਦੀਐਂ ਸੁਗੰਧੀਆਂ
ਜ਼ੋਰਦਾਰ ਛੱਲਾਂ, ਜਦੋਂ ਆਉਂਦੀਐਂ ਕਿਨਾਰਿਆਂ ਨੂੰ-
-ਆਪੇ ਟੁੱਟ ਜਾਂਦੇ ਨੇ ਕਿਨਾਰੇ!
ਨੀ ਵੇਖੀਂ ਕੋਈ ਚੰਦ ਚੜ੍ਹ ਜੇ
ਡੁੱਲ੍ਹ ਡੁੱਲ੍ਹ ਪੈਂਦੀਐਂ ਬਹਾਰਾਂ ਤੇਰੇ ਹਾਸਿਉਂ
ਫੁੱਲਾਂ ਨੇ ਚੁਰਾਏ ਰੰਗ-ਰੰਗਲੇ ਦੰਦਾਸਿਉਂ
ਇੱਲਤੀ ਨਿਗਾਹਾਂ ਚੋਂ ਸ਼ਰਾਰਤੀ ਜਵਾਨੀ ਤੇਰੀ-
-ਹੋਣੀਂ ਨੂੰ ਅਵਾਜ਼ਾਂ ਨਿੱਤ ਮਾਰੇ!
ਨੀ ਵੇਖੀ ਕੋਈ ਚੰਦ ਚੜ੍ਹ ਜੇ!
ਵਾਸਤਾ ਏ ਰੱਬ ਦਾ, ਸੰਭਾਲ ਇਹਨਾਂ ਲੋਰਾਂ ਨੂੰ
ਪੈ-ਜੇ ਨਾ ਭੁਲੇਖਾ ਕਿੱਤੇ, ਮੱਛਰੇ ਚਕੋਰਾਂ ਨੂੰ
ਚੰਨ ਜਿਹਾ ਮੁੱਖ, ਦੂਜੇ ਚੁੰਨੀ ਅਸਮਾਨੀ ਤੇਰੀ-
-ਤੀਜੇ ਲੱਗੇ ਚੁੰਨੀ ਨੂੰ ਸਿਤਾਰੇ
ਨੀ ਵੇਖੀ ਕੋਈ ਚੰਦ ਚੜ੍ਹ ਜੇ!
ਪੈਰ ਬੋਚ ਕੇ ਧਰੀਂ ਤੂੰ ਮੁਟਿਆਰੇ!
ਨੀ ਵੇਖੀਂ ਕੋਈ ਚੰਦ ਚੜ੍ਹ ਜੇ
140/ਦੀਪਕ ਜੈਤੋਈ