ਨਣਦੇ
ਬੂਹੇ ਵਿਚ ਬਹਿਕੇ ਕੱਤਿਆ ਨਾ ਕਰ ਨਣਦੇ!
ਹਾੜਾ ਆਪਣਾ ਵੀਹੀ ਦੇ ਉੱਤੇ ਘਰ ਨਣਦੇ!
ਅੱਖੀਆਂ ਖ਼ੁਮਾਰ ਨਾਲ ਭਾਰੀ ਹੋਈਆਂ ਤੇਰੀਆਂ
ਜਾਪੀਆਂ ਨਿਗਾਹਾਂ ਨੇ ਸ਼ਿਕਾਰੀ ਹੋਈਆਂ ਤੇਰੀਆਂ
ਐਨੀਂ ਅੱਗ ਨਾ ਇਸ਼ਾਰਿਆਂ 'ਚ ਭਰ ਨਣਦੇ ਨੀ!
ਹਾੜਾ ਆਪਣਾ.....................
ਸੀਨੇ ਵਿੱਚ ਤੇਰੇ ਨੀ ਤੂਫ਼ਾਨ ਆਇਆ ਹੋਇਆ ਏ
ਇਹਨਾਂ ਅੰਗੜਾਈਆਂ ਨੇ ਹਨ੍ਹੇਰ ਪਾਇਆ ਹੋਇਆ ਏ
ਤੂੰ ਨਜ਼ਾਕਤਾਂ ਸੰਭਾਲਿਆ ਤਾਂ ਕਰ ਨਣਦੇ!
ਨੀ ਹਾੜਾ ਆਪਣਾ..................
ਹਾਸਿਆਂ ਨੇ ਤੇਰੇ ਗੁਲਜ਼ਾਰਾਂ ਲਾਈਆਂ ਹੋਈਆਂ ਨੇ
ਵਿਹੜੇ ਵਿੱਚ ਆਪਣੇ ਬਹਾਰਾਂ ਆਈਆਂ ਹੋਈਆਂ ਨੇ
ਭੌਰੇ ਲੱਭ ਲੈਣ ਆਪਣਾ ਨਾ ਘਰ ਨਣਦੇ!
ਨੀ ਹਾੜਾ ਆਪਣਾ..................
ਮੱਥੇ ਉੱਤੇ ਦੌਣੀ ਨਾਗਮਨੀਂ ਵਾਂਗੂੰ ਦਗ ਦੀ
ਚਿਹਰੇ ਦੇ ਦੁਆਲੇ ਜਾਣੋਂ ਲਾਟ ਫਿਰੇ ਅੱਗ ਦੀ
ਆਵੇ ਕਾਲ਼ੀ ਕਾਲ਼ੀ ਗੁੱਤ ਕੋਲੋਂ ਡਰ ਨਣਦੇ
ਨੀ ਹਾੜਾ ਆਪਣਾ..................
ਤੂੰ ਨਾ ਮੈਨੂੰ ਮਿੱਠੀ ਮਿੱਠੀ ਤੱਕਣੀ ਥੀਂ ਘੂਰ ਨੀ
ਚੀਂਰਨੀ 'ਚ ਤੇਰੇ ਛੇਤੀ ਲਾਵਾਂਗੀ ਸੰਧੂਰ ਨੀ
ਤੇਰੇ ਨਾਲੋਂ ਸੁਹਣਾਂ ਲੱਭੂੰ ਤੇਰਾ "ਵਰ" ਨਣਦੇ!
ਨੀ ਹਾੜਾ! ਆਪਣਾ ਵੀਹੀ ਦੇ ਉੱਤੇ ਘਰ ਨਣਦੇ
142/ਦੀਪਕ ਜੈਤੋਈ