ਸੋਨੇ ਦਾ ਤਵੀਤ
ਵੇ ਘੜਾ ਦੇ ਮਿੱਤਰਾ, ਮੈਨੂੰ ਸੋਨੇ ਦੇ ਤਵੀਤ!
ਮੇਰੀ ਚੜ੍ਹਦੀ ਜਵਾਨੀ ਦੀ ਹੈ ਸਜਰੀ ਪ੍ਰੀਤ!
ਮੇਰੇ ਰੂਪ ਵਿੱਚ ਜਾਪੇ, ਆਇਆ ਵਖਰਾ ਨਖਾਰ
ਜਾਵੇ ਰੌਸ਼ਨੀ ਖਿੰਡਾਉਂਦਾ, ਮੇਰੀ ਹਿੱਕ ਦਾ ਸੰਗਾਰ
ਭੁੱਜੇ ਚੰਦਰੀ ਜਠਾਣੀਂ, ਮੇਰਾ ਚਿੱਤ ਠੰਡਾ ਸੀਤ
ਵੇ ਘੜਾ ਦੇ ਮਿੱਤਰਾ.............
ਆਉਣ ਠੰਡੀਆਂ ਹਵਾਵਾਂ, ਹੱਸਾਂ ਚੰਨ ਨੂੰ ਹਸਾਵਾਂ
ਵੇ ਮੈਂ ਕੇਰਦੀ ਹੀ ਜਾਵਾਂ, ਇਹ ਰਸੀਲੀਆਂ ਅਦਾਵਾਂ
ਲਾਲ ਬੁੱਲੀਆਂ ਤੇ ਹੋਣ ਵੇ ਮੁਹੱਬਤਾਂ ਦੇ ਗੀਤ।
ਵੇ ਘੜਾ ਦੇ ਮਿੱਤਰਾ.............
ਫੁੱਟੇ ਟਾਹਲੀਆਂ ਦੇ ਪੱਤ, ਨਾਲੇ ਬੇਰੀਆਂ ਦੀ ਹਿੱਕ,
ਮੈਨੂੰ ਸ਼ਹਿਤ ਨਾਲੋਂ ਮਿੱਠੀ ਮੇਰੇ ਕਾਲਜੇ ਦੀ ਸਿੱਕ
ਇਹ ਰੰਗੀਲੀਆਂ ਬਹਾਰਾਂ, ਜਾਣ ਸੁੰਞੀਆਂ ਨਾ ਬੀਤ!
ਵੇ ਘੜਾ ਦੇ ਮਿੱਤਰਾ.............
ਉੱਠੀ ਪਿਆਰ ਦੀ ਉਮੰਗ, ਹੋਈ ਤੋਰ ਵੀ ਸ਼ਰਾਬੀ
ਦੇਣ ਹੋਕਰਾ ਪੰਜੇਬਾਂ, ਮਾਰੇ ਸੀਟੀਆਂ ਰਕਾਬੀ
ਤੂੰ ਉਡੀਕੇਂ ਪੈੜ ਚਾਲ ਬਹਿਕੇ ਬਾਹਰਲੀ ਮਸੀਤ
ਵੇ ਘੜਾ ਦੇ ਮਿੱਤਰਾ.............
ਭਾਵੇਂ ਲੱਖ ਲੱਖ ਮਿਹਣੇਂ-ਮਾਰੇ ਚੰਦਰਾ ਜਹਾਨ
ਮੈਨੂੰ ਤੇਰੇ ਨਾਲ ਜੱਗ, ਤੇਰੇ ਸਾਹਾਂ ਦੇ ਪ੍ਰਾਨ।
ਏਹੀ ਆਸ਼ਕਾਂ ਦਾ ਕੌਲ-ਏਹੀ ਆਸ਼ਕਾਂ ਦੀ ਰੀਤ
ਵੇ ਘੜਾ ਦੇ ਮਿੱਤਰਾ—ਮੈਨੂੰ ਸੋਨੇ ਦੇ ਤਵੀਤ
145/ਦੀਪਕ ਜੈਤੋਈ