ਵੇਖਣੀ ਵਿਸਾਖੀ
ਵੇਖਣੀਂ ਵਿਸਾਖੀ ਮੈਂ ਤਾਂ ਵੇਖਣੀਂ ਵਿਸਾਖੀ ਵੇ!
ਚਿਰਾਂ ਪਿੱਛੋਂ ਚੰਨਾਂ! ਤੈਨੂੰ ਇੱਕੋ ਗੱਲ ਆਖੀ ਵੇ!
ਜਿੰਦ ਮੈਂ ਹਰਾਈ ਤੇਰੇ ਧੰਦਿਆਂ 'ਚੋਂ ਅੱਕ ਕੇ
ਭੱਤਾ ਲੈ ਕੇ ਜਾਵਾਂ, ਤਾਂ ਲਿਆਵਾਂ ਭਰੀ ਚੱਕ ਕੇ
ਨਰਮਾ ਚੁਗਾਇਆ, ਕੀਤੀ ਬਾਜਰੇ ਦੀ ਰਾਖੀ ਵੇ
ਵੇਖਣੀ ਵਿਸਾਖੀ ਵੇ!
ਰੌਣਕਾਂ 'ਚ ਅੱਖੀਆਂ ਦੀ ਭੁੱਖ ਲਾਹ ਕੇ ਆਵਾਂਗੀ
ਨਾਲੇ ਤੇਰੇ ਮਿੱਠੂ ਦੀ ਮੈਂ ਸੁੱਖ ਲਾਹ ਕੇ ਆਵਾਂਗੀ
ਮੱਚ ਕੇ ਜਠਾਣੀ ਭਾਵੇਂ ਹੋ ਜੇ ਲੋਹੇ ਲਾਖੀ ਵੇ
ਵੇਖਣੀ ਵਿਸਾਖੀ ਵੇ!
ਚੁੰਨੀ ਮੈਂ ਸਿਤਾਰੇ ਲਾ ਕੇ ਰੱਖੀ ਹੈ ਸੰਭਾਲ ਵੇ!
ਇੱਕ ਤੂੰ ਲਿਆਂਦੇ ਮੈਨੂੰ ਰੇਸ਼ਮੀ ਰੁਮਾਲ ਵੇ!
ਪੈਰਾਂ ਨੂੰ ਪੰਜੇਬਾਂ ਤੇ ਰਕਾਬੀ ਲੈ ਦੇ ਖਾਖੀ ਵੇ!
ਵੇਖਣੀ ਵਿਸਾਖੀ ਵੇ।
ਤੂੰ ਜੇ ਚੱਲੇਂ ਸੰਗ ਵੇ ਸੰਧੂਰੀ ਪੱਗ ਬੰਨ੍ਹ ਕੇ
ਪਾਣੀਂ ਦੇਵਾਂ ਕੀਲ, ਮੈਂ ਵਖਾਵਾਂ ਅੱਗ ਬੰਨ੍ਹ ਕੇ
ਤੇਰੇ ਮੇਰੇ ਸੰਗ ਚੰਨਾਂ ਸੱਚਾ ਰੱਬ ਸਾਖੀ ਵੇ
ਵੇਖਣੀ ਵਿਸਾਖੀ ਵੇ!
ਨੱਚਦੀ ਦੀ ਜਦੋਂ ਮੇਰੀ ਗੁੱਤ ਖੁਲ੍ਹ ਜਾਊਗੀ
ਭੰਗੜੇ ਦੀ ਟੋਲੀ ਨੂੰ ਧਮਾਲ ਭੁੱਲ ਜਾਊਗੀ
ਆਖਦੀ ਸੀ ਏਦਾਂ, ਭੂਰੋ ਅੱਖਾਂ ਤੋਂ ਮਨਾਖੀ ਵੇ!
ਵੇਖਣੀ ਵਿਸਾਖੀ ਵੇ!
144/ਦੀਪਕ ਜੈਤੋਈ