ਉਂਗਲਾਂ ਦੇ ਛਾਲੇ
ਉਂਗਲਾਂ ਦੇ ਛਾਲੇ-ਬੈਠੀ ਛੱਲੀਆਂ ਉਘੇਰਾਂ ਵੇ!
ਮੋਤੀਆਂ ਤੋਂ ਮਹਿੰਗੇ ਹੰਝੂ ਅੱਖੀਆਂ ਚੋਂ ਕੇਰਾ ਵੇ!
ਤੇਰੀਆਂ ਉਡੀਕਾਂ ਵਿੱਚ, ਅੱਖਾਂ ਗਈਆਂ ਪੱਕ ਵੇ
ਢਹਿ ਗੀਆਂ ਉਮੀਦਾਂ ਚੰਨਾਂ ਆਸਾਂ ਗਈਆਂ ਥੱਕ ਵੇ
ਟੁੱਟ ਗਈਆਂ ਅੱਜ ਸਾਡੇ ਪਿਆਰ ਦੀਆਂ ਡੋਰਾਂ ਵੇ
ਮੋਤੀਆਂ ਤੋਂ ਮਹਿੰਗੇ...........
ਘੇਰ ਕੇ ਨਸੀਬਾਂ ਮੈਨੂੰ ਖੋਹ ਲਿਆ ਹੈ ਪਿਆਰੇ ਤੋਂ
ਭਾਗਾਂ ਦੀਆਂ ਛੱਲਾਂ, ਦੂਰ ਲੈ ਗੀਆਂ ਕਿਨਾਰੇ ਤੋਂ
ਹੌਂਕਿਆਂ ਦੇ ਨਾਲ, ਪੈਣ ਕਾਲਜੇ ਨੂੰ ਘੇਰਾਂ ਵੇ!
ਮੋਤੀਆਂ ਤੋਂ ਮਹਿੰਗੇ...........
ਪੈਰਾਂ ਵਿੱਚ ਰੋਲੇ ਮੇਰੇ ਤਰਲੇ ਜਹਾਨ ਨੇ
ਚੁਪ ਰਹਿਕੇ ਖਾਧੇ, ਸੀਨੇ-ਤੁਹਮਤਾਂ ਦੇ ਬਾਨ ਨੇ
ਰੁੱਸ ਗਿਆ ਰੱਬ, ਕਿੱਦਾਂ ਜੱਗ ਨੂੰ ਪਰੇਰਾਂ ਵੇ
ਮੋਤੀਆਂ ਤੋਂ ਮਹਿੰਗੇ...........
ਸਾਹਾਂ ਵਿੱਚ ਪੀੜਾਂ, ਤਾਂ ਭੀ ਖੋਲ੍ਹਦੀ ਨਾ ਬੁੱਲ੍ਹੀਆਂ
ਬੁੱਝ ਲੈਣ ਲੋਕੀ, ਵੇਖ ਲਿਟਾਂ ਖੁੱਲ੍ਹੀਆਂ
ਬੀਤੀਆਂ ਨੇ ਰਾਤਾਂ-ਸੈਆਂ ਲੰਘੀਆਂ ਸਵੇਰਾ ਵੇ!
ਮੋਤੀਆਂ ਤੋਂ ਮਹਿੰਗੇ...........
ਮਾਹੀ-ਮਾਹੀ ਜਦੋਂ, ਮੇਰਾ ਚਿੱਤ ਹੈ ਪੁਕਾਰ ਦਾ
ਰੋਂਦੇ ਚੰਨ ਤਾਰੇ, ਅਸਮਾਨ ਭੁੱਬਾਂ ਮਾਰਦਾ
ਵੇਖ ਮੇਰਾ ਹਾਲ-ਕੰਧਾਂ ਦੇਂਦੀਆਂ ਨੇ ਲੇਰਾਂ ਵੇ
ਮੋਤੀਆਂ ਤੋਂ ਮਹਿੰਗੇ ਹੰਝੂ ਅੱਖੀਆਂ ਚੋਂ ਕੇਰਾਂ ਵੇ!
147/ਦੀਪਕ ਜੈਤੋਈ