ਮੇਰਾ ਮਾਹੀ
ਸਈਉ! ਬਾਜਰੇ ਦੇ ਸਿੱਟਿਆਂ ਤੇ ਬੂਰ ਆ ਗਿਆ
ਮੇਰਾ ਮਾਹੀ ਘਰ ਆਇਆ ਨੀ! ਸਰੂਰ ਆ ਗਿਆ
ਉਹਦਾ ਰੰਗ ਨੀ ਗੁਲਾਬੀ, ਝੱਲੀ ਜਾਂਦੀ ਨਹੀਂ ਆਬੀ
ਅੱਖਾਂ ਗੂੜ੍ਹੀਆਂ ਸ਼ਰਾਬੀ, ਉਹਦੇ ਹੋਂਠ ਨੀ ਉਨਾਬੀ
ਉਹਨੂੰ ਵੇਖ ਕੇ ਨਿਗਾਹਾਂ ਵਿੱਚ ਨੂਰ ਆ ਗਿਆ
ਮੇਰਾ ਮਾਹੀ ਘਰ ਆਇਆ........
ਉਹਦੀ ਸੁਹਣੀ ਸੁਹਣੀ ਤੋਰ, ਜਿੱਦਾਂ ਪੈਲ੍ਹਾਂ ਪਾਵੇ ਮੋਰ
ਆਈ ਜ਼ਿੰਦੜੀ ਨੂੰ ਲੋਰ, ਹੋਈ ਹੋਰ ਦੀ ਮੈਂ ਹੋਰ
ਪਿਆਰ ਅੱਖੀਆਂ 'ਚ ਹੋ ਕੇ ਮਜ਼ਬੂਰ ਆ ਗਿਆ-
ਮੇਰਾ ਮਾਹੀ ਘਰ ਆਇਆ........
ਆਈਆਂ ਸੀਨੇ ਵਿਚੋਂ ਛੱਲਾਂ, ਕਰਾਂ ਰੱਜ ਰੱਜ ਗੱਲਾਂ
ਉਹ ਨਾ ਮਾਂ ਦੇ ਕੋਲੋਂ ਹੱਲੇ-ਮੈਂ ਨਾ ਬੂਹੇ ਵਿੱਚੋਂ ਹੱਲਾਂ
ਐਨਾਂ ਕਿੱਥੋਂ ਉਹਦੇ ਵਿੱਚ ਨੀ ਗ਼ਰੂਰ ਆ ਗਿਆ-
ਮੇਰਾ ਮਾਹੀ ਘਰ ਆਇਆ........
ਉਹਦੇ ਮੁਖੜੇ ਦੀ ਭਾਅ! ਨੀ ਮੈਂ ਗਈ ਨਸ਼ਿਆ
ਨਾ ਮਿਉਂਦੇ ਮੇਰੇ ਚਾਅ-ਸੰਗੇ ਟੁੱਟੜਾ ਸੁਭਾਅ
ਮੈਨੂੰ ਬਿੰਦੇ ਝੱਟੇ ਹੱਸਣਾ ਜ਼ਰੂਰ ਆ ਗਿਆ
ਮੇਰਾ ਮਾਹੀ ਘਰ ਆਇਆ.........
ਛੇੜੀ ਮਿੱਠੀ ਮਿੱਠੀ ਬਾਤ-ਆਖੀ ਤਾਰਿਆਂ ਨੇ ਝਾਤ
ਵੰਡੀ ਪਿਆਰ ਦੀ ਸੁਗਾਤ-ਮੈਂ ਨਾ ਸੁੱਤੀ ਸਾਰੀ ਰਾਤ
ਜਾਣੋਂ ਕਾਲਜੇ ਦੇ ਫੱਟਾਂ ਤੇ ਅੰਗੂਰ ਆ ਗਿਆ
ਮੇਰਾ ਮਾਹੀ ਘਰ ਆਇਆ.........
ਸਈਉ ਬਾਜਰੇ ਦੇ ਸਿੱਟਿਆਂ ਤੇ ਬੂਰ ਆ ਗਿਆ
ਮੇਰਾ ਮਾਹੀ ਘਰ ਆਇਆ-ਨੀ ਸਰੂਰ ਆ ਗਿਆ
146/ਦੀਪਕ ਜੈਤੋਈ